ਚੰਗੀ ਖ਼ਬਰ : ਸਮਰਾਲਾ ਦੇ ਵਿਧਾਇਕ ਢਿੱਲੋਂ ਨੇ ''ਕੋਰੋਨਾ'' ਨੂੰ ਦਿੱਤੀ ਮਾਤ, ਮੁੜ ਲੋਕ ਸੇਵਾ ''ਚ ਜੁੱਟੇ

Monday, Sep 07, 2020 - 02:34 PM (IST)

ਚੰਗੀ ਖ਼ਬਰ : ਸਮਰਾਲਾ ਦੇ ਵਿਧਾਇਕ ਢਿੱਲੋਂ ਨੇ ''ਕੋਰੋਨਾ'' ਨੂੰ ਦਿੱਤੀ ਮਾਤ, ਮੁੜ ਲੋਕ ਸੇਵਾ ''ਚ ਜੁੱਟੇ

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਜੋ ਕੋਰੋਨਾ ਬੀਮਾਰੀ ਦਾ ਸ਼ਿਕਾਰ ਹੋ ਗਏ ਸਨ, ਉਹ ਮੁੜ ਸਿਹਤਯਾਬ ਹੋ ਕੇ ਇਕਾਂਤਵਾਸ ਦਾ ਸਮਾਂ ਪੂਰਾ ਕਰਨ ਉਪਰੰਤ ਲੋਕ ਸੇਵਾ 'ਚ ਜੁੱਟ ਗਏ ਹਨ। ਤੰਦਰੁਸਤ ਹੋਣ ਉਪਰੰਤ ਉਨ੍ਹਾਂ ਅੱਜ ਮਾਛੀਵਾੜਾ ਇਲਾਕੇ ’ਚ ਪਹਿਲੇ ਸਮਾਰੋਹ ਦੌਰਾਨ ਨਗਰ ਕੌਂਸਲ ਦਫ਼ਤਰ ਵਿਖੇ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਮੁਫ਼ਤ ਰਾਸ਼ਨ ਲੋੜਵੰਦ ਪਰਿਵਾਰਾਂ 'ਚ ਵੰਡਿਆ।

ਵਿਧਾਇਕ ਢਿੱਲੋਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਣ ਅੱਜ ਹਰੇਕ ਵਰਗ ਪ੍ਰਭਾਵਿਤ ਹੋਇਆ ਹੈ, ਖ਼ਾਸ ਕਰ ਗਰੀਬ ਲੋਕਾਂ ਨੂੰ ਭਾਰੀ ਆਰਥਿਕ ਸੱਟ ਲੱਗੀ, ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋੜਵੰਦ ਲੋਕਾਂ ਲਈ ਮੁਫ਼ਤ ਰਾਸ਼ਨ ਵੰਡਣ ਦੀ ਮੁਹਿੰਮ ਆਰੰਭੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸ਼ਹਿਰ ’ਚ ਪਹਿਲਾਂ ਵੀ ਲੋੜਵੰਦ ਲੋਕਾਂ ਨੂੰ ਹੁਣ ਤੱਕ ਸਰਕਾਰੀ ਤੇ ਗੈਰ-ਸਰਕਾਰੀ ਤੌਰ ’ਤੇ 10 ਹਜ਼ਾਰ ਰਾਸ਼ਨ ਦੇ ਪੈਕੇਟ ਵੰਡੇ ਜਾ ਚੁੱਕੇ ਹਨ ਅਤੇ ਅੱਜ ਵੀ ਸਰਕਾਰ ਵੱਲੋਂ ਭੇਜੇ ਗਏ 400 ਪੈਕੇਟਾਂ ਦੀ ਪਹਿਲੀ ਖੇਪ ਲੋਕਾਂ ਨੂੰ ਵੰਡੀ ਗਈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭੇਜੇ ਗਏ ਇਸ ਰਾਸ਼ਨ ਦੇ ਪੈਕੇਟ ’ਚ 10 ਕਿਲੋ ਆਟਾ, 1 ਕਿਲੋ ਖੰਡ ਸ਼ਾਮਲ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਮਾਛੀਵਾੜਾ ਸ਼ਹਿਰ ਦਾ ਕੋਈ ਵੀ ਗਰੀਬ ਪਰਿਵਾਰ ਬੇਸ਼ੱਕ ਉਸ ਦਾ ਨੀਲਾ ਕਾਰਡ ਬਣਿਆ ਹੋਵੇ ਜਾਂ ਨਾ, ਹਰੇਕ ਨੂੰ ਰਾਸ਼ਨ ਦੇ ਪੈਕੇਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਦੇ ਕੌਂਸਲਰਾਂ ਰਾਹੀਂ ਸ਼ਹਿਰ ਦੇ 15 ਵਾਰਡਾਂ ’ਚ ਜੋ ਵੀ ਲੋੜਵੰਦ ਪਰਿਵਾਰ ਹਨ, ਉਨ੍ਹਾਂ ਨੂੰ ਰਾਸ਼ਨ ਜ਼ਰੂਰ ਮਿਲੇਗਾ। ਵਿਧਾਇਕ ਢਿੱਲੋਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਬਲਾਕ ਦੇ 116 ਪਿੰਡਾਂ ’ਚ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।

ਕੋਰੋਨਾ ਮਹਾਮਾਰੀ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੇ ਆਸ਼ੀਰਵਾਦ ਤੇ ਲੋਕਾਂ ਦੀਆਂ ਦੁਆਵਾਂ ਸਦਕਾ ਉਹ ਇਸ ਬੀਮਾਰੀ ਨੂੰ ਮਾਤ ਦੇ ਮੁੜ ਲੋਕ ਸੇਵਾ ਲਈ ਹਾਜ਼ਰ ਹਨ ਪਰ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਬੀਮਾਰੀ ਤੋਂ ਬਚਣ ਲਈ ਸਿਹਤ ਮਹਿਕਮੇ ਦੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਉਪ ਪ੍ਰਧਾਨ ਵਿਜੈ ਕੁਮਾਰ ਚੌਧਰੀ, ਸੁਰਿੰਦਰ ਜੋਸ਼ੀ, ਪਰਮਜੀਤ ਪੰਮਾ, ਗੁਰਮੀਤ ਸਿੰਘ ਕਾਹਲੋਂ, ਪਰਮਿੰਦਰ ਸਿੰਘ ਨੋਨਾ, ਸੂਰਜ ਕੁਮਾਰ (ਸਾਰੇ ਕੌਂਸਲਰ), ਸਰਪੰਚ ਛਿੰਦਰਪਾਲ ਹਿਯਾਤਪੁਰ, ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ, ਚੇਤਨ ਕੁਮਾਰ, ਸਾਬਕਾ ਕੌਂਸਲਰ ਸੁਰਿੰਦਰ ਛਿੰਦੀ, ਇੰਸਪੈਕਟਰ ਜਸਪਾਲ ਸਿੰਘ, ਸੁਖਦੇਵ ਸਿੰਘ ਬਿੱਟੂ, ਸਤਨਾਮ ਸਿੰਘ, ਮਹਿੰਦਰ ਸਿੰਘ ਵੀ ਮੌਜੂਦ ਸਨ।
 


author

Babita

Content Editor

Related News