ਸਰਬੱਤ ਖਾਲਸਾ ਦੌਰਾਨ ਥਾਪੇ ਗਏ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਮੁਤਵਾਜ਼ੀ ਜਥੇਦਾਰਾਂ ਨਾਲ ਕੀਤਾ ਤੋੜ-ਵਿਛੋੜਾ
Monday, Nov 13, 2017 - 06:54 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸਰਬੱਤ ਖਾਲਸਾ ਦੌਰਾਨ ਸਿੱਖ ਸੰਗਤਾਂ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੋਂ ਤੋੜ-ਵਿਛੋੜਾ ਕਰ ਲਿਆ। ਭਾਈ ਅਜਨਾਲਾ ਨੇ ਆਉਣ ਵਾਲੇ ਸਮੇਂ ਵਿਚ ਸਿੱਖ ਮਸਲਿਆਂ ਸੰਬੰਧੀ ਮੁਤਵਾਜ਼ੀ ਜਥੇਦਾਰਾਂ ਦੀਆਂ ਹੋਣ ਵਾਲੀਆਂ ਮੀਟਿੰਗਾਂ 'ਚ ਵੀ ਹਿੱਸਾ ਨਾ ਲੈਣ ਦੀ ਗੱਲ ਆਖੀ ਹੈ।
ਅਜਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸਰਬੱਤ ਖਾਲਸਾ ਦੌਰਾਨ ਸੰਗਤਾਂ ਵੱਲੋਂ ਜੋ ਆਸ ਲੈ ਕੇ ਉਨ੍ਹਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਬਖਸ਼ੀ ਸੀ, ਉਹ ਉਸ 'ਤੇ ਖਰੇ ਨਹੀਂ ਉਤਰ ਸਕੇ ਹਨ। ਉਨ੍ਹਾਂ ਕਿਹਾ ਮੈਂ ਆਪਣੀਆਂ ਅਣਗਹਿਲੀਆਂ ਦੇ ਚਲਦੇ ਸਿੱਖ ਕੌਮ ਵਲੋਂ ਦਿੱਤੇ ਅਹੁਦੇ 'ਤੇ ਖੁਦ ਨੂੰ ਕਾਬਿਲ ਨਹੀਂ ਸਮਝਦਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਲੋਂ ਆਪਣੀ ਕਾਰਗੁਜ਼ਾਰੀ 'ਤੇ ਅਫਸੋਸ ਕਰਦਾ ਹਾਂ ਕਿ ਦੋ ਸਾਲਾਂ ਵਿਚ ਅਸੀਂ ਸਿੱਖ ਪੰਥ ਲਈ ਕੁਝ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਮੈਂ ਸਹਿਯੋਗੀ ਜਥੇਦਾਰਾਂ 'ਤੇ ਕੋਈ ਬਿਆਨਬਾਜ਼ੀ ਜਾਂ ਇਲਜ਼ਾਮ ਨਹੀਂ ਲਗਾਉਂਦਾ ਸਗੋਂ ਮੈਂ ਆਪਣੀਆਂ ਅਣਗਹਿਲੀਆਂ ਕਾਰਨ ਆਉਣ ਵਾਲੀਆਂ ਮੀਟਿੰਗਾਂ ਵਿਚ ਸ਼ਾਮਿਲ ਨਹੀਂ ਹੋਵਾਂਗਾ।
