ਅਸਲਾ-ਬਾਰੂਦ ਸਣੇ ਹਰਿਆਣੇ 'ਚ ਫੜੇ ਵਿਅਕਤੀਆਂ ਕਾਰਨ ਮਖੂ ਫਿਰ ਚਰਚਾ 'ਚ
Friday, May 06, 2022 - 12:09 AM (IST)
ਮਖੂ (ਵਾਹੀ) : ਆਮ ਤੌਰ 'ਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਹੁੰਦੀਆਂ ਰਹੀਆਂ ਅਪਰਾਧਿਕ ਘਟਨਾਵਾਂ ਦੇ ਤਾਰ ਕਿਸੇ ਨਾ ਕਿਸੇ ਰੂਪ 'ਚ ਮਖੂ ਨਾਲ ਜੁੜਦੇ ਆ ਰਹੇ ਸਨ, ਜਿਨ੍ਹਾਂ ਦੀ ਲੜੀ 'ਚ ਅੱਜ ਫਿਰ ਪੰਜਾਬ ਤੋਂ ਦਿੱਲੀ ਰਾਹੀਂ ਤੇਲੰਗਾਨਾ ਸੂਬੇ ਦੇ ਆਦੀਲਾਬਾਦ ਸ਼ਹਿਰ ਲਈ ਅਸਲ-ਬਾਰੂਦ ਦੀ ਵੱਡੀ ਖੇਪ ਲੈ ਕੇ ਜਾ ਰਹੇ ਅਤੇ ਹਰਿਆਣੇ ਦੇ ਥਾਣਾ ਮਧੂਬਨ ਦੀ ਹੱਦ 'ਚ ਪੈਂਦੇ ਬਸਤਾੜਾ ਟੋਲ ਪਲਾਜ਼ੇ 'ਤੇ ਫੜੇ 4 ਸ਼ੱਕੀ ਨੌਜਵਾਨਾਂ ਦੇ ਮਖੂ ਕਸਬੇ ਨਾਲ ਸਬੰਧਿਤ ਹੋਣ ਦੀ ਖਬਰ ਫੈਲਦਿਆਂ ਹੀ ਮਖੂ ਇਲਾਕਾ ਇਕ ਵਾਰ ਫਿਰ ਚਰਚਾ 'ਚ ਆ ਗਿਆ ਹੈ। ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਕੇਂਦਰ ਦੀਆਂ ਵੱਖ-ਵੱਖ ਏਜੰਸੀਆਂ ਨੇ ਸਾਂਝੀ ਕਾਰਵਾਈ ਦੌਰਾਨ ਇਨੋਵਾ 'ਚੋਂ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ 2 ਭਰਾਵਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਗੋਰਾ ਅਤੇ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਸਵਰਨ ਸਿੰਘ ਵਾਰਡ ਨੰਬਰ-11 ਵੰਝੋਕੇ ਥਾਣਾ ਮਖੂ, ਪਰਮਿੰਦਰ ਸਿੰਘ ਉਰਫ ਪਿੰਦਾ ਪੁੱਤਰ ਜਸਵੰਤ ਸਿੰਘ ਵਾਸੀ ਮਖੂ ਅਤੇ ਮਖੂ ਤੋਂ ਲੁਧਿਆਣੇ ਦੇ ਪਿੰਡ ਭੱਟੀਆਂ ਜੋਧਾਂ ਜਾ ਕੇ ਰਹਿ ਰਹੇ ਅਤੇ ਗਿੱਲ ਰੋਡ 'ਤੇ ਦੁਕਾਨ ਕਰਦੇ ਭੁਪਿੰਦਰ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦੇ 50 ਦਿਨ ਪੂਰੇ ਹੋਣ 'ਤੇ ਰਾਜਾ ਵੜਿੰਗ ਨੇ ਦਿੱਤਾ ਇਹ ਬਿਆਨ (ਵੀਡੀਓ)
ਫੜੇ ਗਏ ਸ਼ੱਕੀਆਂ ਅਤੇ ਉਨ੍ਹਾਂ ਦੇ ਆਕਾਵਾਂ ਖ਼ਿਲਾਫ਼ ਹਰਿਆਣਾ ਪੁਲਸ ਵੱਲੋਂ ਦਰਜ ਮੁਕੱਦਮਾ ਨੰਬਰ 141 ਮਿਤੀ 5 ਮਈ 2022 'ਚ ਯੂ. ਏ. ਪੀ. ਏ. ਕਾਨੂੰਨ ਦੀਆਂ ਧਾਰਾਵਾਂ 13/18/20 ਅਸਲਾ ਕਾਨੂੰਨ ਦੀ ਧਾਰਾ 25 ਅਤੇ ਐਕਪਲੋਸਿਵ ਐਕਟ ਦੀਆਂ ਧਾਰਾਵਾਂ 4 ਤੇ 5 ਤਹਿਤ ਪਰਚਾ ਦਰਜ ਕਰ ਕੇ ਢਾਈ-ਢਾਈ ਕਿਲੋ ਵਾਲੇ ਤਿੰਨ ਲੋਹੇ ਦੇ ਕੰਟੇਨਰਾਂ 'ਚੋਂ ਆਰ. ਡੀ. ਐੱਕਸ., ਇਕ ਪਸਤੌਲ, ਇਕ ਮੈਗਜ਼ੀਨ, 31 ਕਾਰਤੂਸ, 6 ਮੋਬਾਇਲ ਅਤੇ 1 ਲੱਖ 30 ਹਜ਼ਾਰ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਭਾਰਤ 'ਚ 47 ਲੱਖ ਲੋਕਾਂ ਦੀ ਹੋਈ ਮੌਤ : WHO, ਸਰਕਾਰ ਨੇ ਅੰਕੜਿਆਂ 'ਤੇ ਚੁੱਕੇ ਸਵਾਲ
ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਨੇ ਇਨ੍ਹਾਂ ਚਾਰਾਂ ਤੋਂ ਇਲਾਵਾ ਬਟਾਲਾ ਜ਼ਿਲੇ ਦੇ ਰਾਜਬੀਰ ਸਿੰਘ ਨੂੰ ਨਾਮਜ਼ਦ ਕਰਦਿਆਂ ਫੜੀ ਖੇਪ ਉਸ ਦੇ ਨਾਨਕਿਆਂ ਦੇ ਖੇਤਾਂ 'ਚੋਂ ਲੈ ਕੇ ਉਕਤ ਚਾਰਾਂ ਸ਼ੱਕੀਆਂ ਨੂੰ ਦੇਣ ਦਾ ਹਵਾਲਾ ਦਿੱਤਾ ਹੈ, ਜਦੋਂਕਿ ਮਾਮਲੇ 'ਚ ਨੰਦੇੜ ਰਹਿੰਦੇ ਗੈਂਗਸਟਰ ਤੋਂ ਖਾੜਕੂ ਬਣੇ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਉਕਤ ਖੇਪ ਡਰੋਨ ਰਾਹੀਂ ਭੇਜ ਕੇ ਇਕ ਬੀ. ਆਈ. ਪੀ. ਐਪ ਰਾਹੀਂ ਦੱਸੇ ਟਿਕਾਣੇ 'ਤੇ ਪਹੁੰਚਾਉਣ ਬਾਬਤ ਜ਼ਿਕਰ ਕੀਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਜਲਦ ਹੀ ਅਮੀਰ ਹੋਣ ਦੇ ਲਾਲਚ 'ਚ ਸਮਾਜ ਵਿਰੋਧੀ ਲੋਕਾਂ ਨਾਲ ਰਲ ਕੇ 'ਕੋਰੀਅਰ' ਵਜੋਂ ਕੰਮ ਕਰਦੇ ਉਕਤ ਚਾਰੇ ਮਖੂ ਪਿਛੋਕੜ ਵਾਲੇ ਮੁੰਡਿਆਂ ਵੱਲੋਂ ਲਿਜਾਈ ਜਾ ਰਹੀ ਇਹ ਦੂਜੀ ਖੇਪ ਸੀ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਪੁਲਸ ਰਿਕਾਰਡ 'ਚ ਭਗੌੜੇ ਚੱਲ ਰਹੇ ਗੋਪੀ ਨੂੰ ਘਰੋਂ ਬੇਦਖਲ ਕੀਤਾ ਹੋਇਆ ਸੀ ਪਰ ਉਹ ਲਗਾਤਾਰ ਆਪਣੇ ਭਰਾ ਅਮਨੇ ਦੇ ਸੰਪਰਕ 'ਚ ਸੀ।
ਇਹ ਵੀ ਪੜ੍ਹੋ : ਕੇਂਦਰੀ ਬਿਜਲੀ ਮੰਤਰੀ ਵੱਲੋਂ ਸੂਬਿਆਂ ਨਾਲ ਕੋਲੇ ਦੇ ਆਯਾਤ ਦੀ ਸਥਿਤੀ ਦੀ ਸਮੀਖਿਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ