ਗੌਰੀ ਲੰਕੇਸ਼ ਕਤਲ ਕਾਂਡ ਦੇ ਵਿਰੋਧ ''ਚ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਰੋਸ ਮੁਜ਼ਾਹਰਾ

09/17/2017 7:03:12 AM

ਫਗਵਾੜਾ, (ਜਲੋਟਾ)— ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਵਿਰੋਧ 'ਚ ਅੰਬੇਡਕਰ ਸੈਨਾ ਮੂਲ ਨਿਵਾਸੀ ਵਲੋਂ ਪ੍ਰਧਾਨ ਹਰਭਜਨ ਸੁੰਮਨ ਦੀ ਅਗਵਾਈ ਹੇਠ ਸਥਾਨਕ ਹਰਗੋਬਿੰਦ ਨਗਰ ਤੋਂ ਜੀ. ਟੀ. ਰੋਡ ਤਕ ਰੋਸ ਮਾਰਚ ਕੱਢਿਆ ਗਿਆ। ਇਸ ਤੋਂ ਬਾਅਦ ਜੀ. ਟੀ. ਰੋਡ 'ਤੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਸਮੂਹ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ਬੈਨਰ ਤੇ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ ਕਿ 'ਵਿਚਾਰਾਂ ਦੀ ਆਜ਼ਾਦੀ ਸਾਡਾ ਸੰਵਿਧਾਨਕ ਹੱਕ ਹੈ' ਹਰਭਜਨ ਸੁੰਮਨ ਨੇ ਕਿਹਾ ਕਿ ਸੱਚ ਤੇ ਹੱਕ ਦੀ ਆਵਾਜ਼, ਧਰਮ ਨਿਰਪੱਖ ਤੇ ਜਾਤ-ਪਾਤ ਦੇ ਵਿਰੋਧ 'ਚ ਆਪਣੀ ਕਲਮ ਚਲਾਉਣ ਵਾਲੀ ਨਿਡਰ ਪੱਤਰਕਾਰ ਗੌਰੀ ਲੰਕੇਸ਼ ਦੀ ਆਵਾਜ਼ ਨੂੰ ਤਰਕ ਦੇ ਆਧਾਰ 'ਤੇ ਜਵਾਬ ਦੇਣ 'ਚ ਨਾਕਾਮ ਰਹਿਣ ਵਾਲੇ ਕੱਟੜਪੰਥੀ ਸੋਚ ਦੇ ਲੋਕਾਂ ਨੇ ਉਨ੍ਹਾਂ ਨੂੰ ਕਤਲ ਕੀਤਾ ਹੈ। ਉਨ੍ਹਾਂ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਇਸ ਤੋਂ ਬਾਅਦ ਰੋਸ ਮਾਰਚ ਵਾਪਸ ਅੰਬੇਡਕਰ ਪਾਰਕ ਪੁੱਜਾ ਜਿੱਥੇ ਪੱਤਰਕਾਰ ਗੌਰੀ ਲੰਕੇਸ਼ ਦੀ ਤਸਵੀਰ ਅੱਗੇ ਮੋਮਬੱਤੀਆਂ ਜਲਾਈਆਂ ਗਈਆਂ। ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀ ਜੀਵਨੀ ਬਾਰੇ ਦੱਸਿਆ ਤੇ ਉਨ੍ਹਾਂ ਦੇ ਵਿਚਾਰਾਂ ਦਾ ਸਮਰਥਨ ਕੀਤਾ। 
ਇਸ ਮੌਕੇ ਅਮਰਜੀਤ ਖੁੱਤਣ, ਡਾ. ਜਗਦੀਸ਼, ਬਲਵਿੰਦਰ ਬੋਧ, ਇੰਜੀਨੀਅਰ ਪ੍ਰਦੀਪ ਮੱਲ, ਜਸਵਿੰਦਰ ਬੋਧ, ਅਕਾਸ਼ ਬੰਗੜ, ਪ੍ਰਦੀਪ ਅੰਬੇਡਕਰ, ਪਵਨ ਬੱਧਣ, ਵਿਜੇ ਪੰਡੋਰੀ, ਪਰਮਿੰਦਰ ਬੋਧ, ਐਡਵੋਕੇਟ ਰਣਦੀਪ ਕੁਮਾਰ ਤੇ ਸਤੀਸ਼ ਬੰਟੀ ਆਦਿ ਵੀ ਹਾਜ਼ਰ ਸਨ।


Related News