ਅਮਰਨਾਥ ਯਾਤਰਾ ਲਈ ਜਾ ਰਹੇ ''ਲੰਗਰਾਂ ਵਾਲੇ ਟਰੱਕ'' ਪੁਲਸ ਨੇ ਰੋਕੇ
Monday, Jun 24, 2019 - 11:52 AM (IST)

ਲੁਧਿਆਣਾ : ਅਮਰਨਾਥ ਜੀ ਦੀ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਦੇ ਲਈ ਬਾਲਟਾਲ ਤੇ ਪਹਿਲਗਾਮ 'ਚ ਲਾਏ ਜਾਣ ਵਾਲੇ ਲੰਗਰਾਂ ਦੀ ਸਮੱਗਰੀ ਲਿਜਾ ਰਹੇ ਟਰੱਕਾਂ ਨੂੰ ਜੰਮੂ-ਕਸ਼ਮੀਰ ਪੁਲਸ ਵਲੋਂ ਰੋਕਿਆ ਜਾ ਰਿਹਾ ਹੈ। ਪੁਲਸ ਇਨ੍ਹਾਂ ਟਰੱਕਾਂ ਨੂੰ 20 ਤੋਂ 22 ਘੰਟਿਆਂ ਲਈ ਥਾਂ-ਥਾਂ 'ਤੇ ਰੋਕ ਰਹੀ ਹੈ ਅਤੇ ਕਾਰਨ ਵੀ ਨਹੀਂ ਦੱਸ ਰਹੀ। ਇਹ ਟੱਰਕ ਵੀ ਅਜਿਹੀਆਂ ਥਾਵਾਂ 'ਤੇ ਰੋਕੇ ਜਾ ਰਹੇ ਹਨ, ਜਿੱਥੇ ਖਾਣ ਨੂੰ ਤਾਂ ਕੀ ਪੀਣ ਤੱਕ ਲਈ ਪਾਣੀ ਵੀ ਨਹੀਂ ਹੈ।
ਸ੍ਰੀ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਵੱਖ-ਵੱਖ ਸੰਸਥਾਵਾਂ ਵਲੋਂ ਬਾਲਟਾਲ ਤੇ ਪਹਿਲਗਾਮ 'ਚ ਲੰਗਰ ਲਾਏ ਜਾਂਦੇ ਹਨ। ਇਸ ਵਾਰ ਸ਼ਰਾਈਨ ਬੋਰਡ ਵਲੋਂ ਫੈਸਲਾ ਕੀਤਾ ਗਿਆ ਸੀ ਕਿ 21 ਜੂਨ ਤੋਂ ਪਹਿਲਾਂ ਕੋਈ ਵੀ ਭੰਡਾਰੇ ਵਾਲਾ ਸਮੱਗਰੀ ਲੈ ਕੇ ਟਨਲ ਪਾਰ ਨਹੀਂ ਕਰ ਸਕੇਗਾ। ਭੰਡਾਰੇ ਵਾਲਿਆਂ ਨੇ ਵਿਰੋਧ 'ਤੇ ਸ਼ਰਾਈਨ ਬੋਰਡ ਨੇ 18 ਜੂਨ ਤੋਂ ਬਾਅਦ ਸਾਰੇ ਸਮਾਨ ਨੂੰ ਲੈ ਕੇ ਪੁੱਜਣ ਲਈ ਕਹਿ ਦਿੱਤਾ। ਸ਼ਰਾਈਨ ਬੋਰਡ ਨੇ ਮੰਨ ਲਿਆ ਪਰ ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਲੰਗਰ ਸਮੱਗਰੀ ਲੈ ਕੇ ਜਾ ਰਹੇ ਟਰੱਕਾਂ ਨੂੰ ਬਿਨਾਂ ਕਾਰਨ ਰੋਕਿਆ ਜਾ ਰਿਹਾ ਹੈ।
ਇਸ ਬਾਰੇ ਵੱਖ-ਵੱਖ ਸੰਸਥਾਵਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੰਸਥਾਵਾਂ ਦੇ ਮੁਖੀਆਂ ਦਾ ਕਹਿਣਾ ਹੈ ਕਿ ਜੇਕਰ ਸੁਰੱਖਿਆ ਕਾਰਨਾਂ ਕਰਕੇ ਪ੍ਰਸ਼ਾਸਨ ਵਲੋਂ ਟਰੱਕਾਂ ਨੂੰ ਰੋਕਿਆ ਵੀ ਜਾ ਰਿਹਾ ਹੈ ਤਾਂ ਇਕ ਸੀਮਤ ਸਮੇਂ ਲਈ ਰੋਕਿਆ ਜਾਵੇ ਅਤੇ ਅਜਿਹੀਆਂ ਥਾਵਾਂ 'ਤੇ ਰੋਕਿਆ ਜਾਵੇ, ਜਿੱਥੇ ਸਹੂਲਤਾਵਾਂ ਮੁਹੱਈਆ ਹੋਣ।