ਟ੍ਰੇਨਾਂ ’ਚ ਭਾਰੀ ਭੀੜ ਨਾਲ ਸੀਟਾਂ ਮਿਲਣੀਆਂ ਹੋਈਆਂ ਮੁਸ਼ਕਲ, ਅਮਰਨਾਥ ਤੇ ਜੇਹਲਮ 4-4 ਘੰਟੇ ਲੇਟ

Sunday, Sep 01, 2024 - 01:58 AM (IST)

ਟ੍ਰੇਨਾਂ ’ਚ ਭਾਰੀ ਭੀੜ ਨਾਲ ਸੀਟਾਂ ਮਿਲਣੀਆਂ ਹੋਈਆਂ ਮੁਸ਼ਕਲ, ਅਮਰਨਾਥ ਤੇ ਜੇਹਲਮ 4-4 ਘੰਟੇ ਲੇਟ

ਜਲੰਧਰ (ਪੁਨੀਤ) – ਵੀਕੈਂਡ ’ਤੇ ਟ੍ਰੇਨਾਂ ਵਿਚ ਭੀੜ ਅਚਾਨਕ ਵਧ ਜਾਂਦੀ ਹੈ, ਜਿਸ ਕਾਰਨ ਸੀਟਾਂ ਮਿਲਣੀਆਂ ਵੀ ਮੁਸ਼ਕਲ ਹੋ ਜਾਂਦੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਸਮੇਂ ’ਤੇ ਆਪਣੀਆਂ ਟਿਕਟਾਂ ਬੁੱਕ ਕਰਵਾ ਲੈਣੀਆਂ ਚਾਹੀਦੀਆਂ ਤਾਂ ਕਿ ਸਫਰ ਦੌਰਾਨ ਦਿੱਕਤਾਂ ਪੇਸ਼ ਨਾ ਆਉਣ। ਇਸੇ ਸਿਲਸਿਲੇ ਵਿਚ ਅੱਜ ਸਟੇਸ਼ਨ ’ਤੇ ਟਿਕਟਾਂ ਲੈਣ ਵਾਲਿਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਉਥੇ ਹੀ, ਟ੍ਰੇਨਾਂ ਵਿਚ ਭੀੜ ਕਾਰਨ ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫਰ ਕਰਨ ’ਤੇ ਮਜਬੂਰ ਹੋਣਾ ਪਿਆ।

ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਅਮਰਨਾਥ ਐਕਸਪ੍ਰੈੱਸ 8.24 ਤੋਂ 4 ਘੰਟੇ ਦੀ ਦੇਰੀ ਨਾਲ ਸਾਢੇ 12 ਵਜੇ ਪਹੁੰਚੀ, ਜਦਕਿ 11077 ਜੇਹਲਮ ਐਕਸਪ੍ਰੈੱਸ 5.10 ਤੋਂ 4 ਘੰਟੇ ਲੇਟ ਰਹਿੰਦੇ ਹੋਏ 9 ਵਜੇ ਤੋਂ ਬਾਅਦ ਪਹੁੰਚੀ। ਉਥੇ ਹੀ, ਪੰਜਾਬ ਦੀ ਪਸੰਦੀਦਾ ਸ਼ਾਨ-ਏ-ਪੰਜਾਬ 12498 ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ ਲੱਗਭਗ ਇਕ ਘੰਟੇ ਦੀ ਦੇਰੀ ਨਾਲ ਜਲੰਧਰ ਸਿਟੀ ਸਟੇਸ਼ਨ ’ਤੇ ਪਹੁੰਚੀ। ਉਥੇ ਹੀ, 12029 ਸਵਰਨ ਸ਼ਤਾਬਦੀ ਦਿੱਲੀ ਤੋਂ ਆਉਂਦੇ ਸਮੇਂ 12.05 ਤੋਂ ਲੱਗਭਗ ਅੱਧਾ ਘੰਟਾ ਲੇਟ ਰਹੀ।

14609 ਹੇਮਕੁੰਟ ਐਕਸਪ੍ਰੈੱਸ ਪੌਣੇ 3 ਅਤੇ ਜਲਿਆਂਵਾਲਾ ਬਾਗ ਐਕਸਪ੍ਰੈੱਸ ਲੱਗਭਗ 2 ਘੰਟੇ ਦੇਰੀ ਨਾਲ ਪਹੁੰਚੀ। ਸਵਰਾਜ ਤੇ ਪਠਾਨਕੋਟ ਸੁਪਰਫਾਸਟ ਡੇਢ ਘੰਟਾ ਲੇਟ ਰਹੀਆਂ। ਜੰਮੂਤਵੀ ਸਵਾ ਘੰਟਾ ਲੇਟ ਰਿਪੋਰਟ ਹੋਈ। ਇਸੇ ਤਰ੍ਹਾਂ ਨਾਲ 1 ਘੰਟਾ ਲੇਟ ਰਹਿਣ ਵਾਲੀਆਂ ਟ੍ਰੇਨਾਂ ਵਿਚ 12715 ਸੱਚਖੰਡ ਐਕਸਪ੍ਰੈੱਸ, 14661 ਸ਼ਾਲੀਮਾਰ ਅਤੇ 12919 ਮਾਲਵਾ ਆਦਿ ਸ਼ਾਮਲ ਹਨ।

ਸੋਮਵਤੀ ਮੱਸਿਆ : ਕਟੜਾ ਤੋਂ ਹਰਿਦੁਆਰ ਤਕ ਅੱਜ ਚੱਲੇਗੀ ਸਪੈਸ਼ਲ ਟ੍ਰੇਨ
ਸੋਮਵਤੀ ਮੱਸਿਆ ਮੌਕੇ ਰੇਲ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਅਤੇ ਵਾਧੂ ਭੀੜ ਨੂੰ ਘੱਟ ਕਰਨ ਲਈ ਰੇਲਵੇ ਵੱਲੋਂ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ 1 ਤੇ 2 ਸਤੰਬਰ ਨੂੰ 04676/04675 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰਿਦੁਆਰ ਸਪੈਸ਼ਲ ਟ੍ਰੇਨ ਚਲਾਈ ਗਈ ਹੈ।

04676 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰਿਦੁਆਰ ਲਈ 1 ਸਤੰਬਰ ਨੂੰ ਚਲਾਈ ਜਾ ਰਹੀ ਹੈ, ਜੋ ਕਿ ਸ਼ਾਮ 6.10 ਵਜੇ ਚੱਲੇਗੀ ਅਤੇ ਅਗਲੀ ਸਵੇਰ 6.30 ਵਜੇ ਹਰਿਦੁਆਰ ਪਹੁੰਚੇਗੀ।

04675 ਦਾ ਸੰਚਾਲਨ 2 ਸਤੰਬਰ ਨੂੰ ਰਾਤ 9 ਵਜੇ ਹਰਿਦੁਆਰ ਤੋਂ ਹੋਵੇਗਾ, ਜੋ ਕਿ 11.30 ਵਜੇ ਕਟੜਾ ਪਹੁੰਚੇਗੀ। ਇਸਦਾ ਅੱਪ ਤੇ ਡਾਊਨ ਰੂਟ ਕ੍ਰਮਵਾਰ ਸ਼ਹੀਦ ਕਪਤਾਨ ਤੁਸ਼ਾਰ ਮਹਾਜਨ ਸਟੇਸ਼ਨ ਤੋਂ ਜੰਮੂਤਵੀ, ਕਠੂਆ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ ਅਤੇ ਸਹਾਰਨਪੁਰ ਤੋਂ ਹੋਵੇਗਾ।


author

Inder Prajapati

Content Editor

Related News