ਸੰਦੋਆ ''ਤੇ ਅਜੇ ਵੀ ਲਟਕੀ ਹੈ ''ਅਯੋਗਤਾ'' ਦੀ ਤਲਵਾਰ

Friday, Nov 22, 2019 - 12:56 PM (IST)

ਸੰਦੋਆ ''ਤੇ ਅਜੇ ਵੀ ਲਟਕੀ ਹੈ ''ਅਯੋਗਤਾ'' ਦੀ ਤਲਵਾਰ

ਚੰਡੀਗੜ੍ਹ (ਰਮਨਜੀਤ) : ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਬੇਸ਼ੱਕ ਵਿਧਾਇਕ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ ਪਰ ਇਸ ਦੇ ਬਾਵਜੂਦ ਵੀ ਸੰਦੋਆ ਦੀ ਮੈਂਬਰੀ 'ਤੇ ਤਲਵਾਰ ਲਟਕੀ ਹੋਈ ਹੈ। ਸੰਦੋਆ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੇ ਸਨ। ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਸੰਦੋਆ ਨੇ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਵਿਧਾਇਕ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਅਜਿਹਾ ਕਰਨ ਤੋਂ ਪਹਿਲਾਂ ਸੰਦੋਆ ਨੇ ਨਿਯਮ ਮੁਤਾਬਕ ਆਪਣਾ ਅਸਤੀਫ਼ਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਸੰਦੋਆ ਖਿਲਾਫ਼ ਦਲ-ਬਦਲੂ ਕਨੂੰਨ ਦੇ ਅਧੀਨ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਇਕ ਪਟੀਸ਼ਨ ਸਪੀਕਰ ਕੋਲ ਦਾਖਲ ਕੀਤੀ ਗਈ ਸੀ, ਜਿਸ 'ਤੇ ਅਜੇ ਵੀ ਸੁਣਵਾਈ ਚੱਲ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਰੀਬ 3 ਵਾਰ ਆਪਣਾ ਪੱਖ ਰੱਖਣ ਅਤੇ ਅਸਤੀਫ਼ੇ ਦੀ ਜਾਇਜ਼ਤਾ ਸਬੰਧੀ ਸ਼ੰਕੇ ਦੂਰ ਕਰਨ ਲਈ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ। ਹੁਣ ਉਨ੍ਹਾਂ ਵਲੋਂ ਅਸਤੀਫਾ ਵਾਪਸ ਲੈਣ ਸਬੰਧੀ ਚਿੱਠੀ ਦਿੱਤੀ ਗਈ ਹੈ, ਜਿਸ ਨਾਲ ਉਕਤ ਮਾਮਲਾ ਲਗਭਗ ਨਿੱਬੜ ਗਿਆ ਹੈ ਅਤੇ ਸੰਭਵ ਹੈ ਕਿ ਸਪੀਕਰ ਦੇ ਫੈਸਲੇ ਤੋਂ ਬਾਅਦ ਇਸ ਸਬੰਧੀ ਕਾਰਵਾਈ 'ਫਾਈਲ' ਕਰ ਦਿੱਤੀ ਜਾਵੇਗੀ।

ਵਿਧਾਨ ਸਭਾ ਸਕੱਤਰੇਤ ਨਾਲ ਜੁੜੇ ਸੂਤਰਾਂ ਮੁਤਾਬਕ ਸੰਦੋਆ ਦਾ ਅਸਤੀਫ਼ਾ ਵਾਪਸ ਲੈਣ ਦਾ ਉਨ੍ਹਾਂ ਖਿਲਾਫ ਪੈਂਡਿੰਗ ਪਟੀਸ਼ਨ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਉਸ ਦੀ ਸੁਣਵਾਈ ਚੱਲ ਰਹੀ ਹੈ। ਇਸ ਸੁਣਵਾਈ 'ਚ ਸਪੀਕਰ ਵਲੋਂ ਅਮਰਜੀਤ ਸਿੰਘ ਸੰਦੋਆ ਅਤੇ ਹੋਰ 2 ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੂੰ ਵੀ ਆਪਣਾ ਪੱਖ ਸਪੱਸ਼ਟ ਕਰਨ ਲਈ 31 ਦਸੰਬਰ, 2019 ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਸ ਤੋਂ ਬਾਅਦ ਸਪੀਕਰ ਪਟੀਸ਼ਨਾਂ 'ਤੇ ਫੈਸਲਾ ਦੇਣ ਵੱਲ ਕਦਮ ਵਧਾਉਣਗੇ। ਉਧਰ, ਅਮਰਜੀਤ ਸਿੰਘ ਸੰਦੋਆ ਵਲੋਂ ਅਸਤੀਫ਼ਾ ਵਾਪਸ ਲੈਣ ਦੇ ਮਾਮਲੇ 'ਤੇ ਵਿਧਾਨ ਸਭਾ ਸਪੀਕਰ ਰਾਣਾ ਦੇ.ਪੀ. ਸਿੰਘ ਵਲੋਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਉੱਥੇ ਹੀ ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਦੱਸਿਆ ਕਿ ਸਾਨੂੰ ਵੀ ਮੀਡੀਆ ਰਾਹੀਂ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਸੰਦੋਆ ਨੇ ਅਸਤੀਫ਼ਾ ਵਾਪਸ ਲੈ ਲਿਆ ਹੈ। ਉਸ 'ਤੇ ਚਰਚਾ ਲਈ ਆਪ ਵਿਧਾਇਕ ਦਲ ਦੀ ਇਕ ਬੈਠਕ ਛੇਤੀ ਹੀ ਸੱਦੀ ਜਾਵੇਗੀ ਅਤੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ।
 


author

Anuradha

Content Editor

Related News