ਸੰਦੋਆ ਦੇ ਫੇਸਬੁੱਕ ਪੇਜ ''ਤੇ ਪਈ ਪੋਸਟ ਤੋਂ ਉੱਠਿਆ ਵਿਵਾਦ
Wednesday, May 08, 2019 - 11:42 AM (IST)

ਨੂਰਪੁਰਬੇਦੀ— ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਫੇਸਬੁੱਕ ਪੇਜ ਦੇ ਕਾਰਨ ਉਹ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ ਸੰਦੋਆ ਦੇ ਫੇਸਬੁੱਕ ਪੇਜ 'ਤੇ ਜ਼ਿਲਾ ਰੂਪਨਗਰ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਿਰੁੱਧ ਪਾਈ ਪੋਸਟ ਨਾਲ ਢਿੱਲੋਂ ਸਮਰਥਕਾਂ 'ਚ ਸੰਦੋਆ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਉਥੇ ਹੀ ਇਸ ਸਬੰਧੀ ਸੰਦੋਆ ਨੇ ਸਫਾਈ ਦਿੰਦੇ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਪੋਸਟ ਪਾਈ ਗਈ ਹੈ। ਸੰਦੋਆ ਦੇ ਨਿੱਜੀ ਸਕੱਤਰ ਰਵਿੰਦਰ ਧੀਮਾਨ ਨੇ ਫੇਸਬੁੱਕ 'ਤੇ ਗਲਤ ਪੋਸਟ ਪਾਉਣ ਵਾਲਿਆਂ ਖਿਲਾਫ ਕਾਰਵਾਈ ਲਈ ਨੂਰਪੁਰਬੇਦੀ ਪੁਲਸ ਥਾਣੇ 'ਚ ਅਰਜ਼ੀ ਦਿੱਤੀ ਹੈ। ਡੀ. ਸੀ. ਰੂਪਨਗਰ ਅਤੇ ਐੱਸ. ਐੱਸ. ਪੀ. ਰੂਪਨਗਰ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ। ਧੀਮਾਨ ਨੇ ਦੱਸਿਆ ਕਿ ਉਕਤ ਪੋਸਟ ਪਾਉਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਿਧਾਇਕ ਸੰਦੋਆ ਨੇ ਵੀ ਇਹ ਪੋਸਟ ਪਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਫੇਸਬੁੱਕ ਪੇਜ ਦੇ ਐਡਮਿਨ ਰਾਮ ਕੁਮਾਰ ਨੇ ਕਿਹਾ ਹੈ ਕਿ ਇਹ ਕੰਮ ਕਿਸੇ ਸ਼ਰਰਾਤੀ ਦਾ ਹੈ।
ਬਰਿੰਦਰ ਸਿੰਘ ਢਿੱਲੋਂ ਅਤੇ ਸਮਰਥਕਾਂ ਨੇ ਪੋਸਟ ਉਪਰੰਤ ਸੰਦੋਆ ਦੀ ਨੁਕਤਾਚੀਨੀ ਕੀਤੀ। ਇਸ ਸਬੰਧੀ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਰਾਰਤੀਆਂ ਨੂੰ ਇਹੋ-ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਢਿੱਲੋਂ ਦੇ ਸਮਰਥਕ ਨਰਿੰਦਰ ਬੱਗਾ ਨੇ ਕਿਹਾ ਕਿ ਸੰਦੋਆ ਨੂੰ ਇਹੋ-ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਦੂਜੇ ਪਾਸੇ ਪੁਲਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਕੋਲ ਹਾਲੇ ਸ਼ਿਕਾਇਤ ਪਹੁੰਚੀ ਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਆਉਣ 'ਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।