ਗਿੱਦੜਬਾਹਾ ਹਲਕੇ ਦਾ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਹੋਵੇਗਾ ਵਿਕਾਸ - ਰਾਜਾ ਵੜਿੰਗ

11/19/2017 3:23:28 PM

ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮਸ਼ਕਿਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਸਾਰੇ ਪਿੰਡਾਂ ਅਤੇ ਸ਼ਹਿਰਾਂ ਦਾ ਬਿਨ੍ਹਾਂ ਕਿਸੇ ਸਿਆਸੀ ਭੇਦਭਾਵ ਦੇ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਭ ਲਈ ਹੁੰਦੀ ਹੈ ਅਤੇ ਕਾਂਗਰਸ ਪਾਰਟੀ ਦੀ ਹਮੇਸ਼ਾ ਹੀ ਇਹ ਵਿਚਾਰਧਾਰਾ ਰਹੀ ਹੈ ਕਿ ਸਰਕਾਰ ਸਭ ਨੂੰ ਨਾਲ ਲੈ ਕੇ ਚੱਲੇ ਅਤੇ ਸਰਬੱਤ ਦਾ ਵਿਕਾਸ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਇਸ ਗੱਲ ਤੇ ਸਖ਼ਤੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ ਕਿ ਕਿਸੇ ਨਾਲ ਵੀ ਸਿਆਸੀ ਅਧਾਰ ਤੇ ਬਦਲਾਖੋਰੀ ਨਾ ਹੋਵੇ। ਉਨ੍ਹਾਂ ਨੇ ਆਖਿਆ ਕਿ ਸਰਕਾਰ ਵਲੋਂ ਵਿਕਾਸ ਦੇ ਏਂਜਡੇ ਤੇ ਹੀ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਅਤੇ ਸਰਕਾਰ ਵੱਲੋਂ ਲੰਬੇ ਸਮੇਂ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਸੂਬੇ ਨੂੰ ਅਜਿਹੇ ਵਿਕਾਸ ਪੱਥ 'ਤੇ ਤੋਰਿਆ ਜਾ ਸਕੇ ਜੋ ਸਭ ਦੇ ਵਿਕਾਸ ਵਾਲਾ ਹੋਵੇ। 
ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵਿਰਸੇ 'ਚ ਢਹਿ ਢੇਰੀ ਹੋ ਚੁੱਕੀ ਅਰਥ ਵਿਵਸਥਾ ਮਿਲੀ ਸੀ ਪਰ ਫਿਰ ਵੀ ਸਰਕਾਰ ਸੰਭਾਲਦਿਆਂ ਹੀ ਮੁੜ ਤੋਂ ਵਿਕਾਸ ਕਾਰਜ ਪਿੰਡਾਂ 'ਚ ਸ਼ੁਰੂ ਕਰਵਾ ਦਿੱਤੇ ਗਏ ਹਨ ਉਥੇ ਹੀ ਸਰਕਾਰ ਨੇ ਨਵੇਂ ਆਰਥਿਕ ਵਸੀਲੇ ਸਿਰਜਨ ਲਈ ਵੀ ਬੀਤੇ ਕੱਲ ਹੀ ਇਕ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਵਿਕਾਸ ਕਾਰਜਾਂ 'ਚ ਹੋਰ ਤੇਜ਼ੀ ਆਵੇਗੀ। 
ਵਿਧਾਇਕ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਵਰਤਮਾਨ ਸਰਕਾਰ ਦੇ ਸਮੇਂ 'ਚ ਕਿਸਾਨਾਂ ਨੇ ਕਣਕ ਅਤੇ ਝੋਨੇ ਦੀ ਇਕ ਇਕ ਫਸਲ ਦਾ ਮੰਡੀਕਰਨ ਕੀਤਾ ਹੈ ਪਰ ਜਿੰਨੀ ਨਿਰਵਿਘਨ ਸਰਕਾਰੀ ਖਰੀਦ ਇੰਨਾਂ ਦੋ ਸੀਜਨਾਂ 'ਚ ਹੋਈ ਹੈ ਅਜਿਹਾ ਪਿੱਛਲੇ 10 ਸਾਲਾਂ 'ਚ ਕਦੇ ਨਹੀਂ ਵਾਪਰਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹੀ ਕਾਂਗਰਸ ਸਰਕਾਰ ਦੇ ਕੁਸ਼ਲ ਪ੍ਰਬੰਧਨ ਦੀ ਨਿਸ਼ਾਨੀ ਹੈ। ਉਨ੍ਹਾਂ ਆਖਿਆ ਕਿ ਇਹ ਸਰਕਾਰ ਵਿਖਾਵੇ 'ਚ ਨਹੀਂ ਬਲਕਿ ਨਤੀਜੇ ਦੇਣ 'ਚ ਵਿਸਵਾਸ਼ ਰੱਖਦੀ ਹੈ। ਉਨ੍ਹਾਂ ਨੇ ਅੱਜ ਪਿੰਡ ਕੋਟਭਾਈ, ਸਾਹਿਬ ਚੰਦ, ਚੋਟੀਆਂ ਆਦਿ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ।


Related News