CM ਭਗਵੰਤ ਮਾਨ ਦਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਜਨਤਾ ’ਤੇ ਕੋਈ ਅਹਿਸਾਨ ਨਹੀਂ: ਰਾਜਾ ਵੜਿੰਗ

04/17/2022 6:14:25 PM

ਜਲੰਧਰ (ਜਤਿੰਦਰ ਚੋਪੜਾ)– ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਅਤੇ ਸੀਨੀਅਰ ਨੇਤਾਵਾਂ ਵਿਚ ਬਣੀ ਧੜ੍ਹੇਬੰਦੀ ਨੂੰ ਵੇਖਦੇ ਹੋਏ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ 42 ਸਾਲ ਦੇ ਨੌਜਵਾਨ ਅਤੇ ਤੇਜ਼-ਤਰਾਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥਾਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪੀ ਹੈ। ਸਾਬਕਾ ਕੈਬਨਿਟ ਮੰਤਰੀ ਰਹੇ ਰਾਜਾ ਵੜਿੰਗ ਨੇ ਬੀਤੇ ਦਿਨ ‘ਜਗ ਬਾਣੀ’ ਦਫ਼ਤਰ ਵਿਚ ਦਿੱਤੀ ਇੰਟਰਵਿਊ ਦੌਰਾਨ ਕਾਂਗਰਸ ਦੇ ਅੰਦਰੂਨੀ ਹਾਲਾਤ, 'ਆਪ' ਸਰਕਾਰ ਦੇ ਇਕ ਮਹੀਨੇ ਦੇ ਕਾਰਜਕਾਲ ਸਮੇਤ ਹੋਰ ਕਈ ਮੁੱਦਿਆਂ ’ਤੇ ਪੁੱਛੇ ਗਏ ਸਵਾਲਾਂ ’ਤੇ ਬੇਬਾਕ ਜਵਾਬ ਦਿੱਤੇ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ 92 ਸੀਟਾਂ ਆਈਆਂ ਹਨ, ਬਹੁਮਤ ਬਹੁਤ ਵੱਡਾ ਮਿਲਿਆ ਹੈ। ਇਹ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਗਾਰੰਟੀ ’ਤੇ ਕੋਈ ਗੱਲ ਕੀਤੀ ਹੈ ਪਰ ਇਹ ਇਕ ਛੋਟੀ ਜਿਹੀ ਗਾਰੰਟੀ ਹੈ, ਅਜੇ ਬਹੁਤ ਗਾਰੰਟੀਆਂ ਦੇਣੀਆਂ ਹਨ। ਇਹ ਪੰਜਾਬ ਦੀ ਜਨਤਾ ’ਤੇ ਕੋਈ ਅਹਿਸਾਨ ਨਹੀਂ। ਉਨ੍ਹਾਂ ਦਾ ਫਰਜ਼ ਬਣਦਾ ਹੈ, ਉਹ ਆਪਣੇ ਫਰਜ਼ ਦੀ ਪੂਰਤੀ ਕਰ ਰਹੇ ਹਨ ਕਿਉਂਕਿ ਇਹ ਸਭ ਵਾਅਦੇ 'ਆਪ' ਨੇ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਸਨ। 

ਪ੍ਰ : ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਇਕ ਮਹੀਨੇ ਦੇ ਰਿਪੋਰਟ ਕਾਰਡ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਉ :
ਮੁੱਖ ਮੰਤਰੀ ਭਗਵੰਤ ਮਾਨ ਨੇ ਰਿਪੋਰਟ ਕਾਰਡ ਵਿਚ ਬਹੁਤ ਗੱਲਾਂ ਕੀਤੀਆਂ ਹਨ ਪਰ ਉਨ੍ਹਾਂ ਵਿਚੋਂ ਇਕ ਵੀ ਗੱਲ ਪੂਰੀ ਨਹੀਂ ਹੋਈ। ਉਨ੍ਹਾਂ ਨੇ ਘਰਾਂ ਤਕ ਰਾਸ਼ਨ ਸਪਲਾਈ ਦੀ ਗੱਲ ਕੀਤੀ ਸੀ, ਗੈਂਗਸਟਰਾਂ ਖ਼ਿਲਾਫ਼ ਟਾਸਕ ਫੋਰਸ ਬਣਾ ਦਿੱਤੀ ਹੈ, ਅੱਜ ਵੀ ਜਲੰਧਰ ਵਿਚ ਗੋਲ਼ੀ ਚੱਲੀ ਹੈ। ਜੇ 30 ਦਿਨਾਂ ਵਿਚ 26 ਲੋਕਾਂ ਦਾ ਕਤਲ ਹੋ ਜਾਵੇ ਤਾਂ ਅਜਿਹੇ ਹਾਲਾਤ ਵਿਚ ਟਾਸਕ ਫੋਰਸ ਤਾਂ ਜਿੰਨੀ ਚਾਹੇ ਬਣਾਉਂਦੇ ਰਹੋ। ਭਗਤ ਸਿੰਘ ਦੇ ਸਟੈਚੂ ਲਾਉਣ ਦੀ ਗੱਲ ਕੀਤੀ ਸੀ ਪਰ ਕਿਤੇ ਨਹੀਂ ਲੱਗਾ, ਨਾ ਕੋਈ ਆਰਡਰ ਕੀਤਾ ਗਿਆ। ਸ਼ਹੀਦ ਦੀ ਜਯੰਤੀ ਅਤੇ ਸ਼ਹੀਦੀ ਦਿਵਸ ’ਤੇ ਛੁੱਟੀ ਦੀ ਗੱਲ, ਜੇ ਭਗਤ ਸਿੰਘ ਜ਼ਿੰਦਾ ਹੁੰਦੇ ਤਾਂ ਉਹ ਆਪਣੇ ਜਨਮ ਦਿਨ ’ਤੇ 2 ਘੰਟੇ ਵੱਧ ਕੰਮ ਕਰਨ ਨੂੰ ਕਹਿੰਦੇ ਪਰ ਛੁੱਟੀ ਹੋਣ ਕਾਰਨ ਜਨਤਾ ਨੂੰ ਸਰਕਾਰੀ ਮਹਿਕਮਿਆਂ ਵਿਚ ਡਾਕਟਰ, ਤਹਿਸੀਲਦਾਰ ਕੋਈ ਨਹੀਂ ਮਿਲਿਆ। ਜੇ ਛੁੱਟੀਆਂ ਇੰਨੀਆਂ ਹੋ ਜਾਣਗੀਆਂ ਤਾਂ ਕੰਮ ਕੌਣ ਕਰੇਗਾ?

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਪ੍ਰ : ਬਿਜਲੀ ਦੇ 300 ਯੂਨਿਟਸ ਦੀ ਮੁਆਫ਼ੀ ’ਤੇ ਕੀ ਕਹੋਗੇ?
ਉ :
ਮੁੱਖ ਮੰਤਰੀ ਮਾਨ ਨੇ 300 ਯੂਨਿਟ ਬਿਜਲੀ ਮੁਆਫ਼ੀ ਦਾ ਐਲਾਨ ਕੀਤਾ ਹੈ, ਉਹ ਵੀ 2 ਮਹੀਨਿਆਂ ਤੋਂ ਬਾਅਦ ਪਰ 300 ਯੂਨਿਟ ਬਿਜਲੀ ਮੁਆਫ਼ ਕਿਵੇਂ ਕਰਨਗੇ, ਉਸ ਦਾ ਫਾਰਮੂਲਾ ਨਹੀਂ ਸਮਝਾਇਆ। ਉਨ੍ਹਾਂ ਕਿਹਾ ਹੈ ਕਿ 200 ਯੂਨਿਟ ਜਿਸ ਨੂੰ ਬਿਜਲੀ ਮੁਆਫ਼ ਸੀ, ਉਸ ਨੂੰ 300 ਕਰ ਦਿੱਤਾ ਹੈ ਭਾਵ ਕਾਂਗਰਸ ਸਰਕਾਰ ਇਕ ਕਿਲੋਵਾਟ ਤਕ ਦੇ ਜਿਨ੍ਹਾਂ 22.50 ਲੱਖ ਪਰਿਵਾਰਾਂ ਨੂੰ 200 ਯੂਨਿਟ ਫ੍ਰੀ ਬਿਜਲੀ ਦਿੰਦੀ ਸੀ, ਉਸ ਨੂੰ 300 ਕਰ ਦਿੱਤਾ ਗਿਆ ਹੈ ਪਰ ਅਸੀਂ 7 ਕਿਲੋਵਾਟ ਦੇ ਘੱਟ ਲੋਡ ਵਾਲੇ ਖ਼ਪਤਕਾਰਾਂ ਨੂੰ ਜੋ 3 ਰੁਪਏ ਸਬਸਿਡੀ ਦੇ ਕੇ ਗਏ ਸੀ, ਜਿਸ ਵਿਚ 50 ਲੱਖ ਹੋਰ ਪਰਿਵਾਰਾਂ ਨੂੰ ਸਿੱਧਾ ਲਾਭ ਮਿਲਿਆ ਸੀ, ਕੀ ਉਹ ਬਿਜਲੀ ਦੇ ਰੇਟ ਵਧਾ ਤਾਂ ਨਹੀਂ ਦਿੱਤੇ ਜਾਣਗੇ?

ਪ੍ਰ : ਕਾਂਗਰਸ ਨੂੰ ਮੁਫ਼ਤ ਬਿਜਲੀ ਯੋਜਨਾ ਵਿਚ ਸ਼ੰਕਾ ਕਿਉਂ ਨਜ਼ਰ ਆਉਂਦੀ ਹੈ?
ਉ :
ਮੈਨੂੰ ਸ਼ੰਕਾ ਨਹੀਂ ਭਰੋਸਾ ਹੈ ਕਿਉਂਕਿ 'ਆਪ' ਨੇ ਜੋ ਰਾਏ ਬਣਾਈ ਹੈ ਕਿ ਕਾਂਗਰਸ ਬਿਜਲੀ ਦੀਆਂ ਜੋ ਦਰਾਂ ਸਸਤੀਆਂ ਕਰਕੇ ਗਈ ਹੈ, ਉਸ ’ਤੇ ਬਣਨ ਵਾਲੀ 2400 ਕਰੋੜ ਦੀ ਸਬਸਿਡੀ ਖ਼ਤਮ ਕਰ ਦਿੱਤੀ ਜਾਵੇ। ਅਸੀਂ ਜੋ 200 ਯੂਨਿਟ ਦੀ ਬਿਜਲੀ ਦੇ ਰਹੇ ਸੀ, ਉਸ ’ਤੇ 1700 ਕਰੋੜ ਰੁਪਏ ਸਬਸਿਡੀ ਹੁੰਦੀ ਸੀ। ਦੋਵਾਂ ਸਬਸਿਡੀਆਂ ਨੂੰ ਮਿਲਾ ਲਿਆ ਜਾਵੇ ਤਾਂ ਕਾਂਗਰਸ ਸਰਕਾਰ ਲਗਭਗ 4100 ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਸੀ। ਜੇ 200 ਤੋਂ 100 ਯੂਨਿਟ ਬਿਜਲੀ ਵਧਾ ਕੇ 300 ਯੂਨਿਟ ਬਿਜਲੀ ਦਿੱਤੀ ਜਾਂਦੀ ਹੈ ਅਤੇ ਬਾਕੀਆਂ ਲਈ ਬਿਜਲੀ ਮਹਿੰਗੀ ਕਰ ਦਿੱਤੀ ਜਾਂਦੀ ਹੈ ਤਾਂ ਇਸ ਐਲਾਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਜੇ 'ਆਪ' ਸਰਕਾਰ 3 ਰੁਪਏ ਯੂਨਿਟ ਦੀ ਸਬਸਿਡੀ ਦੇਣਾ ਬਰਕਰਾਰ ਰੱਖਦੀ ਹੈ ਤਾਂ ਉਸ ਨੂੰ ਸ਼ਾਬਾਸ਼ੀ ਵੀ ਦੇਵਾਂਗੇ ਪਰ ਕੀ ਹੋਵੇਗਾ, ਇਸ ਦਾ 1 ਜੁਲਾਈ ਨੂੰ ਹੀ ਪਤਾ ਲੱਗੇਗਾ।

ਪ੍ਰ : ਕੀ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਤੋਂ 1 ਲੱਖ ਕਰੋੜ ਰੁਪਏ ਦਾ ਕਰਜ਼ਾ ਮੰਗਣਾ ਜਾਇਜ਼ ਸੀ?
ਉ :
ਸਰਕਾਰ ਚਲਾਉਣ ਅਤੇ ਲੋਕਾਂ ਦੀ ਬਿਹਤਰੀ ਨੂੰ ਲੈ ਕੇ ਕਰਜ਼ੇ ਤਾਂ ਵਧਦੇ ਹਨ ਪਰ ਕਰਜ਼ੇ ਦੀ ਬਜਾਏ ਨਾਲ-ਨਾਲ ਰੈਵੇਨਿਊ ਜਨਰੇਟ ਹੋਣਾ ਵੀ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਬਜਟ ਵਿਚ 20 ਫ਼ੀਸਦੀ ਤਾਂ ਰਿਸ਼ਵਤਖੋਰੀ ਹੈ, ਮੈਂ ਉੱਥੋਂ 3600 ਕਰੋੜ ਰੁਪਏ ਬਚਾ ਕੇ ਲਿਆਵਾਂਗਾ। ਉਨ੍ਹਾਂ ਕਿਹਾ ਸੀ ਕਿ ਰੇਤ ਦੀ ਟਰਾਲੀ 1000 ਰੁਪਏ ਦੀ ਦੇਵਾਂਗਾ। ਅਜੇ ਇਕ ਮਹੀਨਾ ਹੋਇਆ ਹੈ, ਅੱਗੇ-ਅੱਗੇ ਵੇਖਦੇ ਹਾਂ ਕੀ ਹੁੰਦਾ ਹੈ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਮਹੀਨਾ ਪੂਰਾ, ‘ਆਪ’ ਨੂੰ ਨਵੀਆਂ ਉਚਾਈਆਂ ’ਤੇ ਲਿਜਾ ਰਹੇ ਹਨ CM ਭਗਵੰਤ ਮਾਨ

ਪ੍ਰ : ਕਾਂਗਰਸ ਵਿਰੋਧੀ ਧਿਰ ਦਾ ਫਰਜ਼ ਨਿਭਾਉਣ ’ਚ ਪੱਛੜ ਕਿਉਂ ਰਹੀ ਹੈ?
ਉ :
ਪੰਜਾਬ ਦੀ ਜਨਤਾ ਨੇ ਤੁਹਾਨੂੰ ਭਾਰੀ ਬਹੁਮਤ ਦੇ ਕੇ ਸੱਤਾ ’ਤੇ ਕਾਬਜ਼ ਕੀਤਾ ਹੈ। ਜੇ ਕਾਂਗਰਸ ਹੁਣੇ ਹੀ 'ਆਪ' ਨੂੰ ਮੁੱਦਿਆਂ ’ਤੇ ਘੇਰਨਾ ਸ਼ੁਰੂ ਕਰ ਦੇਵੇਗੀ ਤਾਂ ਜਨਤਾ ਵਿਚ ਗਲਤ ਮੈਸੇਜ ਜਾਵੇਗਾ। ਕਈ ਵਾਰ ਜਨਤਾ ਵੀ ਕਹਿੰਦੀ ਹੈ ਕਿ ਹਰੇਕ ਵਿਅਕਤੀ ਨੂੰ ਪ੍ਰਫਾਰਮ ਕਰਨ ਦਾ ਸਮਾਂ ਦੇਣਾ ਚਾਹੀਦਾ ਹੈ ਪਰ ਇਹ ਗੱਲ ਯਕੀਨੀ ਹੈ ਕਿ ਸਮਾਂ ਆਉਣ ’ਤੇ ਕਾਂਗਰਸ ਜਨਤਾ ਦੇ ਹੱਕਾਂ ਨੂੰ ਲੈ ਕੇ ਆਪਣਾ ਫਰਜ਼ ਨਿਭਾਉਂਦੀ ਵਿਖਾਈ ਦੇਵੇਗੀ।

ਪ੍ਰ : ਇਕ ਪਾਸੇ ਮੁਫ਼ਤ ਬਿਜਲੀ, ਦੂਜੇ ਪਾਸੇ ਪੰਜਾਬ ਵਿਚ ਲਾਏ ਜਾ ਰਹੇ ਸਮਾਰਟ ਮੀਟਰਾਂ ’ਤੇ ਕੀ ਕਹੋਗੇ?
ਉ :
ਕੇਂਦਰ ਸਰਕਾਰ ਨੇ 'ਆਪ' ਸਰਕਾਰ ਦੇ ਪੱਲੇ ਕੁਝ ਨਹੀਂ ਪਾਉਣਾ। ਲੱਗਦਾ ਤਾਂ ਅਜਿਹਾ ਹੀ ਹੈ ਕਿ 'ਆਪ' ਪੰਜਾਬ ਵਿਚ ਸਮਾਰਟ ਮੀਟਰ ਵੀ ਲਾਏਗੀ ਅਤੇ ਲੋਕਾਂ ਨੂੰ ਪ੍ਰੀਪੇਡ ਬਿਜਲੀ ਸਹੂਲਤ ਲਈ ਵੀ ਮਜਬੂਰ ਕਰੇਗੀ। ਰਾਤ ਨੂੰ ਸੁੱਤੇ ਪਏ ਦੇ ਪੈਸੇ ਖ਼ਤਮ ਹੋਣ ’ਤੇ ਬਿਜਲੀ ਵੀ ਬੰਦ ਹੋਇਆ ਕਰੇਗੀ। ਇਹ ਨਹੀਂ ਹੋਵੇਗਾ ਕਿ ਪੈਸੇ ਖ਼ਤਮ ਹੋਣ ’ਤੇ ਬਿਜਲੀ ਮਹਿਕਮਾ 5-10 ਦਿਨਾਂ ਦੀ ਉਡੀਕ ਕਰੇਗਾ। ਅਜਿਹੀਆਂ ਕਈ ਗੱਲਾਂ ਸਮਾਂ ਆਉਣ ’ਤੇ ਸਾਹਮਣੇ ਆਉਣਗੀਆਂ ਕਿ ਆਖ਼ਰ ਇਹ ਲੋਕ ਕੀ ਕਰ ਰਹੇ ਹਨ?

ਪ੍ਰ : ਕਾਂਗਰਸ ਦੀ ਵੱਡੀ ਹਾਰ ਤੋਂ ਬਾਅਦ ਪ੍ਰਧਾਨਗੀ ਅਹੁਦਾ ਮਿਲਣ ਨੂੰ ਕਿੰਨੀ ਵੱਡੀ ਚੁਣੌਤੀ ਸਮਝਦੇ ਹੋ?
ਉ :
ਮੈਂ ਨਹੀ ਸਮਝਦਾ ਕਿ ਇਹ ਮੇਰੇ ਲਈ ਕਿਸੇ ਪ੍ਰਕਾਰ ਦੀ ਕੋਈ ਚੁਣੌਤੀ ਹੈ ਜਾਂ ਇਹ ਵੀ ਕਹਿ ਲਿਆ ਜਾਵੇ ਕਿ ਮੈਨੂੰ ਹਮੇਸ਼ਾ ਵੱਡੇ-ਵੱਡੇ ਚੈਲੇਂਜਾਂ ਦਾ ਸਾਹਮਣਾ ਕਰਨ ਦਾ ਮੌਕਾ ਮਿਲਿਆ ਹੈ। ਪ੍ਰਮਾਤਮਾ ਦੀ ਕ੍ਰਿਪਾ, ਮਿਹਨਤ ਅਤੇ ਲਗਨ ਨਾਲ ਤਮਾਮ ਚੈਲੇਂਜਾਂ ਦਾ ਸਾਹਮਣਾ ਕਰਕੇ ਅੱਗੇ ਵਧਦਾ ਆਇਆ ਹਾਂ। ਹਾਈਕਮਾਨ ਨੇ ਮੇਰੇ ’ਤੇ ਜੋ ਵਿਸ਼ਵਾਸ ਪ੍ਰਗਟਾਉਂਦੇ ਹੋਏ ਜ਼ਿੰਮੇਵਾਰੀ ਸੌਂਪੀ ਹੈ, ਉਸ ’ਤੇ ਖਰਾ ਉਤਰਦੇ ਹੋਏ ਕਾਂਗਰਸ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਕੇ ਰਹਾਂਗਾ।

ਪ੍ਰ : ‘ਆਪ’ ਵੱਲੋਂ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਕਿਵੇਂ ਵੇਖਦੇ ਹੋ?
ਉ :
ਚੰਗਾ ਹੁੰਦਾ ਕਿ ਰਾਜ ਸਭਾ ’ਚ ਜੇਕਰ ਭਗਤ ਸਿੰਘ ਦੇ ਕਿਸੇ ਵਾਰਿਸ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਂਦਾ। ਚੰਗਾ ਹੁੰਦਾ ਕਿ ਜੇਕਰ ਅਪਾਹਜ ਆਸ਼ਰਮ ਵਰਗੀ ਕਿਸੇ ਐੱਨ. ਜੀ. ਓ. ਦੇ ਨਾਂ ’ਤੇ ਕਿਸੇ ਵੱਡੇ ਸੇਠ ਦੀ ਬਜਾਏ ਪਿੰਗਲਵਾੜੇ ਜਾਂ ਸੰਤ ਸੀਚੇਵਾਲ ਵਰਗੀ ਕਿਸੇ ਸ਼ਖਸੀਅਤ ਨੂੰ ਰਾਜ ਸਭਾ ਮੈਂਬਰ ਬਣਾਇਆ ਹੁੰਦਾ। ਜਨਤਾ ਸਭ ਜਾਣਦੀ ਹੈ, ਸਮਾਂ ਆਉਣ ’ਤੇ ਹਰੇਕ ਗੱਲ ਦਾ ਜਵਾਬ ਦੇਣਾ ਸਹੀ ਹੋਵੇਗਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਸੀ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਕੁੜੀ, ਹੋਈ ਮੌਤ, ਸਾਹਮਣੇ ਆਈ ਇਹ ਗੱਲ

ਪ੍ਰ : ਕੇਜਰੀਵਾਲ ਦੇ ਬਿਊਰੋਕ੍ਰੇਸੀ ਨੂੰ ਦਿੱਲੀ ਬੁਲਾਉਣਾ ਕਿੱਥੋਂ ਤੱਕ ਜਾਇਜ਼ ਹੈ?
ਉ :
ਕੇਜਰੀਵਾਲ ਦਾ ਪੰਜਾਬ ਦੇ ਅਧਿਕਾਰੀਆਂ ਨੂੰ ਦਿੱਲੀ ਸੱਦ ਕੇ ਮੀਟਿੰਗ ਕਰਨਾ ਬੇਹੱਦ ਦੁਖ਼ਦਾਈ ਹੈ। ਜੇਕਰ ਅਧਿਕਾਰੀਆਂ ਤੋਂ ਕੁਝ ਨਵਾਂ ਕਰਾਉਣਾ ਹੀ ਸੀ ਤਾਂ ਉਨ੍ਹਾਂ ਨੂੰ ਟ੍ਰੇਨਿੰਗ ਸੈਂਟਰ ਭੇਜਦੇ। ਇਕ ਪਾਸੇ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਦੋਵੇਂ ਰੋਜ਼ ਬਿਆਨ ਦਿੰਦੇ ਹਨ ਕਿ ਕੇਂਦਰ ਸਰਕਾਰ ਸਾਡੇ ਅਧਿਕਾਰਾਂ ’ਤੇ ਡਾਕਾ ਮਾਰ ਰਹੀ ਹੈ ਜੋ ਬਿਲਕੁੱਲ ਸਹੀ ਅਤੇ ਜਾਇਜ਼ ਹੈ ਪਰ ਹੁਣ ਕੇਜਰੀਵਾਲ ਦੀ ਸਰਕਾਰ ਜੋ ਸਾਡੇ ਮੁੱਖ ਮੰਤਰੀ ਦੇ ਅਧਿਕਾਰਾਂ ’ਤੇ ਡਾਕਾ ਮਾਰ ਰਹੀ ਹੈ, ਉਸ ਨੂੰ ਕਿਵੇਂ ਠੀਕ ਮੰਨਿਆ ਜਾਵੇ। ਕੇਜਰੀਵਾਲ ਪਾਰਟੀ ਦੇ ਕਨਵੀਨਰ ਹਨ, ਉਹ ਭਗੰਵਤ ਮਾਨ ਨੂੰ ਰੋਜ਼ਾਨਾ ਸੱਦ ਸਕਦੇ ਹਨ ਕਿ ਪੰਜਾਬ ’ਚ ਕੀ ਪਾਰਟੀ ਪਾਲਿਸੀ ਹੈ, ਉਸ ਨੂੰ ਲਾਗੂ ਕਰੋ। ਕੇਜਰੀਵਾਲ ਦੇ ਇਸ ਕਦਮ ਤੋਂ ਬਾਅਦ ਹੀ ਹੁਣ ਗਵਰਨਰ ਸਾਹਿਬ ਬਾਰਡਰ ਦਾ ਦੌਰਾ ਕਰ ਰਹੇ ਹਨ, ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ। ਹਾਲਾਂਕਿ ਮਾਨ ਉਸ ਮੀਟਿੰਗ ’ਚ ਮੌਜੂਦ ਸਨ ਪਰ ਗਰਵਨਰ ਦਾ ਕੋਈ ਅਧਿਕਾਰ ਨਹੀ ਬਣਦਾ ਕਿ ਉਹ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ।

ਪ੍ਰ : ਸੁਰਜੀਤ ਧੀਮਾਨ ਦੇ ਟਿੱਕਟਾਂ ਦੇ ਵੇਚਣ ਦੇ ਦੋਸ਼ਾਂ ’ਤੇ ਕੀ ਕਹੋਗੇ?
ਉ :
ਸੁਰਜੀਤ ਧੀਮਾਨ ਦੇ ਦੋਸ਼ ਬਿਨਾਂ ਸਿਰ-ਪੈਰ ਦੇ ਹਨ। ਜੇਕਰ ਕੋਈ ਵਿਅਕਤੀ ਕਿਸੇ ਦਸਤਾਵੇਜ, ਕੋਈ ਪਰੂਫ਼ ਨਾਲ ਦੋਸ਼ ਲਾਏ ਤਾਂ ਉਸ ਗੱਲ ਦਾ ਜਵਾਬ ਦੇਣਾ ਬਣਦਾ ਹੈ ਪਰ ਬੇ-ਬੁਨਿਆਦ ਗੱਲਾਂ ਨੂੰ ਮਹੱਤਵ ਦੇਣਾ, ਮੈਂ ਨਹੀਂ ਸਮਝਦਾ ਜਾਇਜ਼ ਹੈ। ਮੈਂ 10 ਸਾਲ ਵਿਧਾਇਕ ਰਿਹਾ, ਪੰਜਾਬ ਸਰਕਾਰ ਦੇ ਕਾਰਜਕਾਲ ਦੇ ਆਖਰੀ 3 ਮਹੀਨਿਆਂ ’ਚ ਮੰਤਰੀ ਬਣਿਆ, ਉਦੋਂ ਤਾਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਹੁਣ ਪ੍ਰਧਾਨ ਬਣਨ ਤੋਂ ਬਾਅਦ ਹੀ ਅਜਿਹੀਆਂ ਗੱਲਾਂ ਨੂੰ ਕਿਉਂ ਉਛਾਲਿਆ ਗਿਆ, ਲੋਕ ਸਭ ਸਮਝਦੇ ਹਨ।

ਪ੍ਰ . ਕੀ ਨਵਜੋਤ ਸਿੱਧੂ ਪਾਰਟੀ ’ਚ ਵੱਖ ਧੜਾ ਖੜ੍ਹਾ ਕਰ ਰਹੇ ਹਨ?
ਉ :
ਮੇਰਾ ਫਰਜ਼ ਬਣਦਾ ਹੈ ਕਿ ਮੈਂ ਸਭ ਲੋਕਾਂ ਨੂੰ ਨਾਲ ਲੈ ਕੇ ਚੱਲਾਂ। ਜੇਕਰ ਕਿਸੇ ਦੇ ਸਨਮਾਨ ਨੂੰ ਠੇਸ ਪਹੁੰਚੀ ਹੋਵੇਗੀ ਤਾਂ ਉਸ ਦੀ ਤਸੱਲੀ ਕਰਨਾ, ਗਿਲੇ-ਸ਼ਿਕਵੇ ਦੂਰ ਕਰਨਾ ਮੇਰਾ ਫਰਜ਼ ਬਣਦਾ ਹੈ ਪਰ ਸਿੱਧੂ ਵਰਗੇ ਕੱਦਾਵਰ ਨੇਤਾ ਨਾਲ ਮੈਨੂੰ ਤਾਂ ਅਜਿਹਾ ਨਹੀਂ ਲੱਗਦਾ ਹੈ। ਜੇਕਰ ਫਿਰ ਵੀ ਕੋਈ ਅਜਿਹੀ ਗੱਲ ਹੋਈ ਤਾਂ ਮੈਂ ਉਨ੍ਹਾਂ ਨੂੰ ਮਿਲ ਕੇ ਸਾਰੀਆਂ ਗਲਤ-ਫਹਿਮੀਆਂ ਨੂੰ ਵੀ ਦੂਰ ਕਰਾਂਗਾ। ਮੈਂ ਸਭ ਤੋਂ ਛੋਟਾ ਹਾਂ, ਹਰੇਕ ਦੇ ਘਰ ਜਾਵਾਂਗਾ, 1 ਵਾਰ ਨਹੀਂ ਸੌ ਵਾਰ ਟਰਾਈ ਕਰਾਂਗਾ ਕਿ ਜਿਸ ਦੇ ਕੋਲ 2 ਵੋਟ ਵੀ ਹੋਣ ਉਸ ਕਰਮਚਾਰੀ ਨੂੰ ਵੀ ਨਾਲ ਲੈ ਕੇ ਚੱਲਾਂ। ਕਾਂਗਰਸ ਪਾਰਟੀ ਦੇ ਪਰਿਵਾਰ ਨੂੰ ਇਕੱਠੇ ਕਰਕੇ ਅੱਗੇ ਵਧਾਂਗਾ।

ਪ੍ਰ : ਸਿੱਧੂ ਜਦੋਂ ਪ੍ਰਧਾਨ ਬਣੇ ਉਦੋਂ ਤੁਸੀਂ ਗੱਡੀ ਚਲਾ ਰਹੇ ਸੀ, ਅੱਜ ਉਹ ਤੁਹਾਨੂੰ ਮਿਲੇ ਤੱਕ ਨਹੀ?
ਉ :
ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦੀ ਬੇਹੱਦ ਖ਼ੁਸ਼ੀ ਸੀ, ਖ਼ੁਸ਼ੀ ਮਨਾਈ ਵੀ ਸੀ ਪਰ ਸੂਬਾ ਪ੍ਰਧਾਨ ਦੇ ਅਹੁਦੇ ਦੀ ਕੋਈ ਲਾਲਸਾ ਨਹੀਂ ਸੀ ਪਰ ਨੀਅਤ ਸਾਫ਼ ਹੋਵੇ ਤਾਂ ਪ੍ਰਮਾਤਮਾ ਬੂਰ ਪਾ ਦਿੰਦਾ ਹੈ, ਇਹੀ ਕਾਰਨ ਹੈ ਕਿ ਤੀਜੀ ਵਾਰ ਵਿਧਾਇਕ ਬਣਿਆ ਹਾਂ। ਮੇਰਾ ਕਿਸੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ ਹੈ, ਸਾਰੇ ਮੇਰੇ ਤੋਂ ਜ਼ਿਆਦਾ ਤਜ਼ੁਰਬੇਕਾਰ ਹਨ। ਪਾਰਟੀ ਨੇ ਪ੍ਰਧਾਨ ਬਣਾਇਆ, ਹਾਈਕਮਾਨ ਜਦੋਂ ਕਹੇਗੀ ਅਹੁਦਾ ਛੱਡ ਦੇਵਾਂਗਾ।

ਇਹ ਵੀ ਪੜ੍ਹੋ: ਪਟਿਆਲਾ ਵਿਖੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਸਹੁਰਿਆਂ ਬਾਰੇ ਕੀਤੇ ਵੱਡੇ ਖ਼ੁਲਾਸੇ

ਪ੍ਰ : ਮਨਪ੍ਰੀਤ ਬਾਦਲ ਦੇ ਨਾਲ ਗਿਲੇ-ਸ਼ਿਕਵੇ ਦੂਰ ਹੋਣਗੇ?
ਉ :
ਮੇਰੇ ਕਿਸੇ ਦੇ ਨਾਲ ਨਿੱਜੀ ਗਿਲੇ-ਸ਼ਿਕਵੇ ਹੋ ਸਕਦੇ ਹਨ ਪਰ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣ ਗਿਆ ਤਾਂ ਹਰੇਕ ਨੂੰ ਨਾਲ ਲੈ ਕੇ ਚਲਾਂਗਾ। ਮਨਪ੍ਰੀਤ ਬਾਦਲ ਮੇਰੇ ਵੱਡੇ ਭਰਾ ਹਨ, ਉਨ੍ਹਾਂ ਨੂੰ ਵੀ ਛੇਤੀ ਮਿਲ ਕੇ ਜੇਕਰ ਕੋਈ ਨਾਰਾਜ਼ਗੀ ਹੋਈ, ਤਾਂ ਦੂਰ ਕਰ ਲਵਾਂਗਾ।

ਪ੍ਰ : ਚਰਨਜੀਤ ਚੰਨੀ ਨੂੰ ਈ. ਡੀ. ਵੱਲੋਂ ਤਲਬ ਕੀਤੇ ਜਾਣ ਨੂੰ ਕਿਵੇਂ ਵੇਖਦੇ ਹੋ?
ਉ :
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਡੇ ਸਾਰਿਆਂ ਦੇ ਸਨਮਾਨਯੋਗ ਨੇਤਾ ਹਨ ਪਰ ਈ. ਡੀ. ਦੀ ਜਾਂਚ ਪ੍ਰਕਿਰਿਆ ਨੂੰ ਲੈ ਕੇ ਮੇਰਾ ਕੋਈ ਵੀ ਟਿੱਪਣੀ ਕਰਨਾ ਜਾਇਜ਼ ਨਹੀਂ ਹੋਵੇਗਾ।

ਪ੍ਰ : ਸਿੱਧੂ ਮੂਸੇਵਾਲਾ ਦੇ ਵਿਵਾਦਿਤ ਗਾਣੇ ’ਤੇ ਕੀ ਕਹੋਗੇ?
ਉ :
ਸਿੱਧੂ ਮੂਸੇਵਾਲਾ ਨੂੰ ਲੈ ਕੇ ਸਿਰਫ਼ ਵਿਰੋਧੀ ਧਿਰ ਰੌਲਾ ਪਾ ਰਿਹਾ ਹੈ, ਜਦਕਿ ਗਾਣੇ ਨੂੰ ਲੈ ਕੇ ਵਿਵਾਦ ਨੂੰ ਲੈ ਕੇ ਪੰਜਾਬ ’ਚ ਕੋਈ ਅਜਿਹੀ ਮੂਵਮੈਂਟ ਨਜ਼ਰ ਨਹੀਂ ਆਈ। ਗਾਣੇ ਦੇ 3.50 ਮਿਲੀਅਨ ਵਿਊਜ਼ ਹਨ, ਨਾ ਹੀ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਹੈ ਕਿ ਉਸ ਗਾਣੇ ’ਤੇ ਕਿਸੇ ਆਮ ਆਦਮੀ ਨੇ ਧਰਨਾ-ਪ੍ਰਦਰਸ਼ਨ ਕੀਤਾ ਹੋਵੇ। ਇਸ ਕਾਰਨ ਵਿਵਾਦ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ।

ਪ੍ਰ : ਰੋਡਵੇਜ ਦੇ ਡਿਪੂ ’ਚ ਡਰਾਈਵਰਾਂ ਅਤੇ ਕੰਡਕਟਰਾਂ ਦੀ ਕਮੀ ਨਾਲ ਬਸਾਂ ਕਿਉਂ ਖੜ੍ਹੀਆਂ ਹਨ?
ਉ :
ਰੋਡਵੇਜ ਦੀਆਂ ਬੱਸਾਂ ਨੂੰ ਚਲਾਉਣ ਲਈ ਡਰਾਈਵਰ ਅਤੇ ਕੰਡਕਟਰ ਆਉਟਸੋਰਸਿੰਗ ’ਤੇ ਰੱਖੇ ਜਾਂਦੇ ਹਨ। ਟਰਾਂਸਪੋਰਟ ਮੰਤਰੀ ਦੇ ਆਪਣੇ ਕਾਰਜਕਾਲ ’ਚ ਮੈਂ ਕਾਂਟਰੈਕਟ ਦੀ ਮਿਆਦ ਨੂੰ ਵਧਾ ਦਿੱਤਾ ਸੀ ਪਰ ਪਤਾ ਨਹੀਂ ‘ਆਪ’ ਸਰਕਾਰ ’ਚ ਕੀ ਮੁਸ਼ਕਿਲ ਹੈ। ਕੰਪਨੀ ਨੂੰ ਜਿੰਨੇ ਕਹੋ, ਉਹ ਸਵੇਰੇ ਤੁਹਾਨੂੰ ਡਰਾਈਵਰ ਅਤੇ ਕੰਡੈਕਟਰ ਉਪਲੱਬਧ ਕਰਵਾ ਦੇਵੇਗੀ ਪਰ ਸਰਕਾਰੀ ਬੱਸਾਂ ਜੇਕਰ ਅੱਡਿਆਂ ’ਤੇ ਖੜ੍ਹੀਆਂ ਹਨ ਤਾਂ ਅਜਿਹਾ ਹੋਣਾ ‘ਆਪ’ ਸਰਕਾਰ ਦੀ ਨਾਲਾਇਕੀ ਹੈ।

ਪ੍ਰ : ਰਾਣਾ ਗੁਰਜੀਤ ਵੱਲੋਂ ਬੇਟੇ ਦੇ ਚੋਣ ਲੜਨ ਅਤੇ ਧੜੇਬੰਦੀ ’ਚ ਉਲਝੇ ਨੇਤਾਵਾਂ ’ਤੇ ਕੀ ਕਾਰਵਾਈ ਕਰੋਗੇ?
ਉ :
ਮੈਂ ਤਾਂ ਸਾਰੇ ਸੀਨੀਅਰ ਨੇਤਾਵਾਂ ਨੂੰ ਸਿਰਫ਼ ਇੰਨਾ ਹੀ ਕਹਾਂਗਾ ਕਿ ਪੁਰਾਣੀਆਂ ਗੱਲਾਂ ਛੱਡ ਕੇ ਨਵੀਂ ਕਹਾਣੀ ਲਿਖੀਏ, ਕਿਉਂਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਕ ਵਾਰ ਫਿਰ ਤੋਂ ਇੱਕਠੇ ਹੋ ਕੇ ਪੰਜਾਬ ਦੇ ਭੱਖਦੇ ਮੁੱਦਿਆਂ ਅਤੇ ਆਮ ਲੋਕਾਂ ਦੀ ਲੜਾਈ ਲੜੀਏ, ਤਾਂਕਿ ਪੰਜਾਬ ਦੀ ਜਨਤਾ ਸਾਡੇ ’ਤੇ ਇਤਬਾਰ ਕਰੇ ਅਤੇ ਕਾਂਗਰਸ ਮੁੜ ਸੱਤਾ ’ਚ ਵਾਪਸ ਆਏ, ਸਰਕਾਰ ’ਚ ਵਾਪਸ ਆਏ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰੇ।

ਇਹ ਵੀ ਪੜ੍ਹੋ: ਭਗਵੰਤ ਮਾਨ ਦੇ CM ਬਣਨ ਮਗਰੋਂ ਮਾਨ ਸਰਕਾਰ ਲਈ ਰਹੀਆਂ ਇਹ ਵੱਡੀਆਂ ਚੁਣੌਤੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News