ਭੁਲੱਥ ਵਿਖੇ ਗੋਰਾ ਗਿੱਲ ਦੀ ਰਿਹਾਇਸ਼ 'ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ, ਕਰ 'ਤੀ ਢਹਿ-ਢੇਰੀ

Thursday, Jul 27, 2023 - 12:16 PM (IST)

ਭੁਲੱਥ ਵਿਖੇ ਗੋਰਾ ਗਿੱਲ ਦੀ ਰਿਹਾਇਸ਼ 'ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ, ਕਰ 'ਤੀ ਢਹਿ-ਢੇਰੀ

ਭੁਲੱਥ (ਰਜਿੰਦਰ)- ਪਿਛਲੀ ਵਿਧਾਨ ਸਭਾ ਚੋਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਚੋਣ ਉਮੀਦਵਾਰ ਅਤੇ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਵੱਲੋਂ ਭੁਲੱਥ-ਕਰਤਾਰਪੁਰ ਰੋਡ 'ਤੇ ਪਿੰਡ ਪੰਡੋਰੀ ਨੇੜੇ ਕਾਲੋਨੀ ਵਿਚ ਬਣਾਈ ਗਈ ਰਿਹਾਇਸ਼ 'ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ। ਜਿਸ ਦੌਰਾਨ ਇਸ ਰਿਹਾਇਸ਼ ਦੇ ਸਮੁੱਚੇ ਕੰਪਲੈਕਸ ਨੂੰ ਕੁਝ ਘੰਟਿਆਂ ਵਿਚ ਢਹਿ-ਢੇਰੀ ਕਰ ਦਿੱਤਾ ਗਿਆ।  ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਗੋਰਾ ਗਿੱਲ ਵੱਲੋਂ ਇਥੇ ਦਫ਼ਤਰ-ਕਮ-ਰਿਹਾਇਸ਼ ਦੀ ਉਸਾਰੀ ਕੀਤੀ ਗਈ ਸੀ। ਜਿਸ ਦੌਰਾਨ ਭੁਲੱਥ-ਕਰਤਾਰਪੁਰ ਸ਼ਡਿਊਲ ਰੋਡ 'ਤੇ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਹਵਾਲਾ ਦਿੰਦੇ ਹੋਏ ਇਸ ਉਸਾਰੀ ਸਬੰਧੀ ਸ਼ਿਕਾਇਤਾ ਦਾ ਸਿਲਸਿਲਾ ਚੱਲਿਆ। ਇਸੇ ਦੌਰਾਨ ਕਈ ਵਿਭਾਗਾਂ ਨੇ ਇਸ ਉਸਾਰੀ ਵਾਲੀ ਜਗ੍ਹਾ ਦਾ ਮੌਕਾ ਵੇਖਿਆ ਪਰ ਬੁੱਧਵਾਰ ਰਾਤ ਪ੍ਰਸ਼ਾਸਨ ਵੱਲੋਂ ਇਸ ਉਸਾਰੀ ਨੂੰ ਢਹਿ-ਢੇਰੀ ਕੀਤਾ ਗਿਆ ਅਤੇ ਇਸ ਉਸਾਰੀ ਨੂੰ ਢਾਉਣ ਦੀ ਕਾਰਵਾਈ ਲਈ ਮੌਕੇ 'ਤੇ ਏ. ਡੀ. ਸੀ. (ਜਨਰਲ) ਕਪੂਰਥਲਾ ਅਮਰਪ੍ਰੀਤ ਕੌਰ ਸੰਧੂ, ਟਾਊਨ ਪਲੈਨਰ ਰਾਧਿਕਾ ਅਰੋੜਾ, ਐੱਸ. ਡੀ. ਐੱਮ. ਭੁਲੱਥ ਸੰਜੀਵ ਕੁਮਾਰ ਸ਼ਰਮਾ, ਪੀ. ਡਬਲਿਊ. ਡੀ. ਦੇ ਐਕਸੀਅਨ ਨੇਕ ਚੰਦ ਅਤੇ ਐੱਸ. ਐੱਚ. ਓ. ਭੁਲੱਥ ਗੌਰਵ ਧੀਰ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ਦਾ ਸਰਕਾਰੀ ਅਮਲਾ ਮੌਜੂਦ ਸੀ। ਜਿਸ ਦੌਰਾਨ ਅਧਿਕਾਰੀਆਂ ਅਤੇ ਪੁਲਸ ਦੀ ਮੌਜੂਦਗੀ ਵਿਚ ਇਥੇ ਲੱਗੀਆਂ ਦੋ ਜੇ. ਸੀ. ਬੀ. ਮਸ਼ੀਨਾਂ ਵੱਲੋਂ ਦੁਪਹਿਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਇਸ ਉਸਾਰੀ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ

PunjabKesari

ਮੌਕੇ 'ਤੇ ਮੌਜੂਦ ਏ. ਡੀ. ਸੀ. ਕਪੂਰਥਲਾ ਅਮਰਪ੍ਰੀਤ ਕੌਰ ਸੰਧੂ ਦਾ ਕਹਿਣਾ ਸੀ ਕਿ ਸ਼ਡਿਊਲ ਰੋਡ 'ਤੇ ਇਹ ਅਣਅਧਿਕਾਰਤ ਉਸਾਰੀ ਸੀ, ਜਿਸ ਨੂੰ ਢਹਿ-ਢੇਰੀ ਕੀਤਾ ਗਿਆ ਹੈ। ਇਸ ਸਬੰਧੀ ਪੁਰਾਣਾ ਕੇਸ ਚੱਲ ਰਿਹਾ ਸੀ, ਜਿਸ ਵਿਚ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ।  ਦੂਜੇ ਪਾਸੇ ਇਸ ਸੰਬੰਧੀ ਜਦੋਂ ਪੀ. ਡਬਲਿਊ. ਡੀ. ਵਿਭਾਗ ਦੇ ਐਕਸੀਅਨ ਨੇਕ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰਤਾਰਪੁਰ ਤੋਂ ਭੁਲੱਥ ਸ਼ਡਿਊਲ ਰੋਡ ਹੈ ਅਤੇ ਇਥੇ ਸੜਕ ਦੀ ਜਗ੍ਹਾ ਛੱਡ ਕੇ ਦੋਵੇਂ ਪਾਸੇ 100 ਫੁੱਟ ਤੱਕ ਕੋਈ ਵੀ ਉਸਾਰੀ ਨਹੀਂ ਕੀਤੀ ਜਾ ਸਕਦੀ ਅਤੇ ਇਹ ਉਸਾਰੀ 100 ਫੁੱਟ ਦੇ ਅਧੀਂਨ ਆਉਂਦੀ ਸੀ। 

ਪਲਾਟ ਦੀ ਰਜਿਸਟਰੀ 'ਚ ਉਸਾਰੀ ਨਾ ਕਰਨ ਬਾਰੇ ਕੁਝ ਨਹੀਂ ਲਿਖਿਆ- ਗੋਰਾ ਗਿੱਲ
ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਪ੍ਰਸ਼ਾਸਨ ਵੱਲੋਂ ਉਸਾਰੀ ਢਾਹੇ ਜਾਣ 'ਤੇ ਆਪਣਾ ਰੁਖ ਸੱਪਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਸਾਰੀ ਨੂੰ ਢਾਹੇ ਜਾਣ ਬਾਰੇ ਏ. ਡੀ. ਸੀ. (ਜਨਰਲ) ਕਪੂਰਥਲਾ ਦੇ ਆਦੇਸ਼ਾਂ ਖ਼ਿਲਾਫ਼ ਪੁੱਡਾ ਦੇ ਸੈਕਟਰੀ ਕੋਲ ਮੇਰੀ ਅਪੀਲ ਪੈਂਡਿੰਗ ਹੈ ਪਰ ਮੇਰੀ ਅਪੀਲ ਦੇ ਬਾਵਜੂਦ ਹੀ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਮੈਂ ਆਪਣਾ ਪੱਖ ਵਕੀਲਾਂ ਰਾਹੀ ਮਾਣਯੋਗ ਹਾਈਕੋਰਟ ਵਿਚ ਰੱਖਾਂਗਾ ਕਿਉਂਕਿ ਇਸ ਮਾਮਲੇ ਸਬੰਧੀ ਕੱਲ੍ਹ ਨੂੰ ਹਾਈਕੋਰਟ ਵਿਚ ਸੁਣਵਾਈ ਹੈ। 

ਇਹ ਵੀ ਪੜ੍ਹੋ- ਪੌਂਗ ਡੈਮ 'ਚੋਂ ਮੁੜ ਛੱਡਿਆ ਗਿਆ 44 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ
ਉਨ੍ਹਾਂ ਹੋਰ ਦੱਸਿਆ ਕਿ ਇਹ ਪਲਾਟ ਉਨ੍ਹਾਂ ਨੇ ਮੁੱਲ ਖ਼ਰੀਦਿਆ ਸੀ, ਜਿਸ ਦੀ ਰਜਿਸਟਰੀ ਮਾਲ ਵਿਭਾਗ ਵੱਲੋਂ ਕੀਤੀ ਹੈ, ਜੋ ਮੇਰੇ ਕੋਲ ਹੈ ਪਰ ਰਜਿਸਟਰੀ ਵਿਚ ਮਾਲ ਵਿਭਾਗ ਵੱਲੋਂ ਅਜਿਹੀ ਕੋਈ ਗੱਲ ਨਹੀਂ ਲਿਖੀ ਗਈ ਕਿ ਭੁਲੱਥ-ਕਰਤਾਰਪੁਰ ਸ਼ਡਿਊਲ ਰੋਡ ਹੈ ਅਤੇ ਇਸ ਰੋਡ ਦੇ ਆਸੇ-ਪਾਸੇ ਸੜਕ ਦੇ ਥਾਂ ਤੋਂ ਅੱਗੇ 100 ਫੁੱਟ ਤੱਕ ਉਸਾਰੀ ਕਰਨ 'ਤੇ ਪਾਬੰਦੀ ਹੈ, ਜਿਸ ਕਰਕੇ ਮੇਰੇ ਵੱਲੋਂ ਇਥੇ ਮੁੱਲ ਖ਼ਰੀਦੇ ਗਏ ਪਲਾਟ 'ਤੇ ਉਸਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਭਰ ਦੇ ਸ਼ਡਿਊਲ ਰੋਡਾਂ ਨੂੰ ਦੇਖਿਆ ਜਾਵੇ ਤਾਂ ਅਨੇਕਾਂ ਉਸਾਰੀਆਂ ਸਾਹਮਣੇ ਆਉਣਗੀਆਂ ਪਰ ਸਿਆਸੀ ਰੰਜਿਸ਼ ਕਰਕੇ ਇਸ ਉਸਾਰੀ ਸੰਬੰਧੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਗਲਾਡਾ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਵਿਧਾਇਕ ਖਹਿਰਾ ਦਾ ਸਮਰਥਕ ਕਰਨਦੀਪ ਸਿੰਘ ਖੱਖ ਵਾਸੀ ਦਾਊਦਪੁਰ ਇਸ ਸਬੰਧੀ ਹਾਈਕੋਰਟ ਵਿਚ ਸ਼ਿਕਾਇਤਕਰਤਾ ਹੈ। 

ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਸਣੇ ਸਾਰੇ ਮੁਲਜ਼ਮਾਂ ਦੀ ਮਾਨਸਾ ਕੋਰਟ 'ਚ ਪੇਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News