ਅਮਨ ਕਤਲ ਕੇਸ : ਤਰਸੇਮ ਦੀ ਗ੍ਰਿਫਤਾਰੀ ਨਾ ਹੋਣ ''ਤੇ ਭੜਕੇ ਪਰਿਵਾਰ ਨੇ ਲਾਇਆ ਜਾਮ
Monday, Apr 02, 2018 - 07:57 AM (IST)

ਚੰਡੀਗੜ੍ਹ (ਸੁਸ਼ੀਲ) - ਸੈਕਟਰ-25 ਵਿਚ ਚਾਕੂ ਮਾਰ ਕੇ ਅਮਨ ਨਾਮਕ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਤਰਸੇਮ ਦੀ ਗ੍ਰਿਫਤਾਰੀ ਨਾ ਹੋਣ 'ਤੇ ਗੁੱਸੇ ਵਿਚ ਆਏ ਲੋਕਾਂ ਨੇ ਐਤਵਾਰ ਸਵੇਰੇ ਸੈਕਟਰ-25/38 ਦੇ ਚੌਕ 'ਚ ਜਾਮ ਲਾ ਦਿੱਤਾ। ਚੌਕ ਦੇ ਚਾਰੇ ਪਾਸੇ ਪੱਥਰ 'ਤੇ ਇੱਟਾਂ ਰੱਖ ਕੇ ਉਨ੍ਹਾਂ ਜੰਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਤਰਸੇਮ ਨੂੰ ਚੰਡੀਗੜ੍ਹ ਪੁਲਸ ਬਚਾਅ ਰਹੀ ਹੈ, ਜਦਕਿ ਤਰਸੇਮ ਨੇ ਹੀ ਅਮਨ ਦੀ ਹੱਤਿਆ ਕਰਵਾਈ ਹੈ। ਹੱਤਿਆ ਸਮੇਂ ਤਰਸੇਮ ਘਟਨਾ ਸਥਾਨ 'ਤੇ ਮੌਜੂਦ ਸੀ। ਜਾਮ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਰਾਮਗੋਪਾਲ, ਸੈਕਟਰ-11 ਥਾਣਾ ਇੰਚਾਰਜ ਲਖਬੀਰ ਸਿੰਘ, ਥਾਣਾ ਪੁਲਸ ਤੇ ਰਿਜ਼ਰਵ ਫੋਰਸ ਮੌਕੇ 'ਤੇ ਪਹੁੰਚੀ। ਲੋਕਾਂ ਨੇ ਕਿਹਾ ਕਿ ਚੰਡੀਗੜ੍ਹ ਪੁਲਸ ਨੇ ਤਰਸੇਮ ਤੋਂ ਪੈਸੇ ਲਏ ਹਨ, ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ।
ਇਸ 'ਤੇ ਡੀ. ਐੱਸ. ਪੀ. ਰਾਮ ਗੋਪਾਲ ਨੇ ਕਿਹਾ ਕਿ ਪੁਲਸ ਮਾਮਲੇ ਵਿਚ ਜਾਂਚ ਕਰ ਰਹੀ ਹੈ, ਜੋ ਵੀ ਹੱਤਿਆ ਵਿਚ ਸ਼ਾਮਲ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪ੍ਰਦਰਸ਼ਨ ਕਰਨ ਵਾਲੇ ਨੌਵਜਾਨਾਂ ਨੇ ਨਗਰ ਨਿਗਮ ਦੀ ਗੱਡੀ 'ਤੇ ਵੀ ਪੱਥਰ ਮਾਰੇ। ਪੁਲਸ ਕਰਮਚਾਰੀ ਨੌਜਵਾਨਾਂ ਵੱਲ ਦੌੜੇ ਤੇ ਪਥਰਾਅ ਕਰਨ ਵਾਲਿਆਂ ਨੂੰ ਸਮਝਾਉਣ ਲੱਗੇ। ਪੁਲਸ ਅਮਨ ਦੇ ਪਰਿਵਾਰ ਨੂੰ ਸੈਕਟਰ-24 ਚੌਕੀ 'ਚ ਲੈ ਗਈ। ਇਥੇ ਉਨ੍ਹਾਂ ਨੇ ਹੱਤਿਆ ਦੇ ਮਾਮਲੇ ਵਿਚ ਤਰਸੇਮ ਦੀ ਭੂਮਿਕਾ ਸਬੰਧੀ ਜਾਂਚ ਕਰਨ ਦਾ ਭਰੋਸਾ ਦਿੱਤਾ। ਇਕ ਘੰਟੇ ਬਾਅਦ ਲੋਕਾਂ ਨੇ ਜਾਮ ਖੋਲ੍ਹਿਆ।
ਅਮਨ ਨੂੰ ਇਨਸਾਫ ਦਿਵਾਉਣ ਲਈ ਬੱਚਿਆਂ ਨੇ ਚੁੱਕੇ ਹੋਏ ਸਨ ਬੈਨਰ : ਅਮਨ ਦੀ ਹੱਤਿਆ ਮਾਮਲੇ ਵਿਚ ਤਰਸੇਮ ਦੀ ਗ੍ਰਿਫਤਾਰੀ ਲਈ ਛੋਟੇ-ਛੋਟੇ ਬੱਚੇ ਵੀ ਸੜਕ 'ਤੇ ਉਤਰੇ। ਬੱਚਿਆਂ ਦੇ ਹੱਥ ਵਿਚ ਬੈਨਰ ਤੇ ਬੋਰਡ ਸਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਕਿ ਅਮਨ ਨੂੰ ਇਨਸਾਫ ਦਿਓ ਤੇ ਤਰਸੇਮ ਨੂੰ ਗ੍ਰਿਫਤਾਰ ਕਰੋ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਦੇ ਖਿਲਾਫ ਵੀ ਸਲੋਗਨ ਲਿਖੇ ਹੋਏ ਸਨ। ਬੱਚੇ ਕਹਿ ਰਹੇ ਸਨ ਕਿ ਜਦੋਂ ਤਕ ਪੁਲਸ ਸਖ਼ਤੀ ਨਹੀਂ ਵਰਤੇਗੀ, ਉਦੋਂ ਤਕ ਅਜਿਹੇ ਕਤਲ ਹੁੰਦੇ ਰਹਿਣਗੇ।
ਹੱਤਿਆ ਲਈ ਵਰਤਿਆ ਚਾਕੂ ਬਰਾਮਦ, ਸੋਮੀ 2 ਦਿਨਾ ਪੁਲਸ ਰਿਮਾਂਡ 'ਤੇ : ਸੈਕਟਰ-25 ਪੁਲਸ ਨੇ ਫੜੇ ਗਏ ਮੁਲਜ਼ਮ ਸੋਮੀ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਮੰਗਿਆ। ਪੁਲਸ ਨੇ ਦਲੀਲ ਦਿੱਤੀ ਕਿ ਸੋਮੀ ਤੋਂ ਪਤਾ ਕਰਨਾ ਹੈ ਕਿ ਹੱਤਿਆ ਵਿਚ ਕੌਣ-ਕੌਣ ਸ਼ਾਮਲ ਹਨ, ਮੁਲਜ਼ਮਾਂ ਨੇ ਹੱਤਿਆ ਦੀ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਹੈ। ਡਿਊਟੀ ਮੈਜਿਸਟ੍ਰੇਟ ਨੇ ਸੋਮੀ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਸ ਸਮੇਂ ਅਮਨ ਦੀ ਹੱਤਿਆ ਹੋਈ ਸੀ, ਉਦੋਂ ਤਰਸੇਮ ਦੇ ਮੋਬਾਇਲ ਦੀ ਲੋਕੇਸ਼ਨ ਕਿਸੇ ਹੋਰ ਥਾਂ ਦੀ ਆ ਰਹੀ ਸੀ।
ਐਂਬੂਲੈਂਸ ਨੂੰ ਵੀ ਨਹੀਂ ਜਾਣ ਦਿੱਤਾ
ਸੈਕਟਰ-25/38 ਚੌਕ 'ਚ ਜਾਮ ਲਾਉਣ ਵਾਲੇ ਲੋਕਾਂ ਨੇ ਐਂਬੂਲੈਂਸ ਨੂੰ ਵੀ ਨਹੀਂ ਜਾਣ ਦਿੱਤਾ। ਡੱਡੂ ਮਾਜਰਾ ਤੋਂ ਐਂਬੂਲੈਂਸ ਸੈਕਟਰ-25/38 ਚੌਕ ਵੱਲ ਜਾ ਰਹੀ ਸੀ ਪਰ ਜਾਮ ਲਾਉਣ ਵਾਲੇ ਲੋਕਾਂ ਨੇ ਐਂਬੂਲੈਂਸ ਨੂੰ ਵਾਪਸ ਜਾਣ ਲਈ ਕਹਿ ਦਿੱਤਾ, ਜਿਸ ਮਗਰੋਂ ਐਂਬੂਲੈਂਸ ਵਾਪਸ ਚਲੀ ਗਈ।
ਇਸ ਤੋਂ ਇਲਾਵਾ ਸੈਕਟਰ-37 ਵੱਲ ਐਂਬੂਲੈਂਸ-108 ਵੀ ਆ ਰਹੀ ਸੀ ਪਰ ਉਸ ਨੂੰ ਵੀ ਵਾਪਸ ਭੇਜ ਦਿੱਤਾ ਗਿਆ। ਨਗਰ ਨਿਗਮ ਦੀ ਕੂੜਾ ਸੁੱਟਣ ਵਾਲੀ ਗੱਡੀ ਜਾਣ ਲੱਗੀ ਤਾਂ ਇਕ ਲੜਕੇ ਨੇ ਉਸ 'ਤੇ ਪਥਰਾਅ ਕਰ ਦਿੱਤਾ।