''ਆਪ'' ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਪੇਸ਼ ਕੀਤਾ 5 ਸਾਲਾਂ ਦਾ ਰਿਪੋਰਟ ਕਾਰਡ, ਵਿਰੋਧੀਆਂ ਨੂੰ ਦਿੱਤੀ ਚੁਣੌਤੀ
Wednesday, Jan 26, 2022 - 02:21 PM (IST)
ਸੁਨਾਮ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵੱਲੋਂ ਬੁੱਧਵਾਰ ਨੂੰ 5 ਸਾਲਾਂ ਦੌਰਾਨ ਆਪਣੇ ਵੱਲੋਂ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਚੋਣਾਂ ਆਉਂਦੇ ਹੀ ਸਿਆਸੀ ਆਗੂ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਹਨ ਪਰ ਪਿਛਲੇ ਕੰਮਾਂ ਦਾ ਕੋਈ ਵੀ ਹਿਸਾਬ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਸਰਕਾਰ 'ਚ ਨਾਂ ਹੁੰਦੇ ਹੋਏ ਵੀ ਕੋਈ ਆਗੂ ਲੋਕਾਂ ਸਾਹਮਣੇ ਆਪਣਾ ਰਿਪੋਰਟ ਕਾਰਡ ਪੇਸ਼ ਕਰ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਉਹ 5 ਸਾਲਾਂ ਦੌਰਾਨ ਵਿਧਾਨ ਸਭਾ ਅੰਦਰ ਕਦੇ ਵੀ ਲੋਕਾਂ ਦੇ ਮੁੱਦਿਆਂ ਤੋਂ ਗੈਰ ਹਾਜ਼ਰ ਨਹੀਂ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਕਰੀਬ 5 ਕਰੋੜ ਰੁਪਏ ਦੀਆਂ ਗ੍ਰਾਂਟਾਂ ਉਨ੍ਹਾਂ ਵੱਲੋਂ ਸੁਨਾਮ ਹਲਕੇ ਨੂੰ ਦਿਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਢੇ 4 ਕਰੋੜ ਦੀਆਂ ਗ੍ਰਾਂਟਾਂ ਕੋਰੋਨਾ ਦੇ ਚੱਲਦਿਆਂ ਅਜੇ ਫਸੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਇਹ ਸਾਢੇ 4 ਕਰੋੜ ਦੀ ਗ੍ਰਾਂਟ ਵੀ ਲੋਕਾਂ ਨੂੰ ਦੇ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜਿਕ ਕੰਮਾਂ ਤੋਂ ਵੀ ਕਦੇ ਪਿੱਛੇ ਨਹੀਂ ਹਟੇ ਹਨ। ਅਮਨ ਅਰੋੜਾ ਨੇ ਕਿਹਾ ਕਿ ਕਰੀਬ 64 ਹਜ਼ਾਰ ਲੋਕਾਂ ਨੂੰ ਹੁਣ ਤੱਕ ਸਿਹਤ ਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ 'ਤੇ ਰੋਕ ਲੱਗਣ ਮਗਰੋਂ ਮਜੀਠੀਆ ਦੀ ਪ੍ਰੈੱਸ ਕਾਨਫਰੰਸ, ਚੰਨੀ ਸਰਕਾਰ 'ਤੇ ਸਾਧਿਆ ਨਿਸ਼ਾਨਾ
ਅਮਨ ਅਰੋੜਾ ਨੇ ਕਿਹਾ ਕਿ 2700 ਦੇ ਕਰੀਬ ਕੁੜੀਆਂ ਨੂੰ ਸਿਲਾਈ ਦੀ ਮੁਫ਼ਤ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨੀਅਤ ਹੋਵੇ ਤਾਂ ਅਜਿਹਾ ਕੋਈ ਕੰਮ ਨਹੀਂ ਹੈ, ਜਿਹੜਾ ਨਾ ਕੀਤਾ ਜਾ ਸਕੇ। ਅਮਨ ਅਰੋੜਾ ਨੇ ਇਸ ਮੌਕੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਵੱਡੀ ਚੁਣੌਤੀ ਦਿੰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਵੱਡੇ ਆਗੂ ਜਦੋਂ ਮਰਜ਼ੀ ਉਨ੍ਹਾਂ ਨਾਲ ਲਾਈਵ ਡਿਬੇਟ ਕਰ ਲੈਣ, ਉਹ ਤਿਆਰ ਹਨ।
ਉਨ੍ਹਾਂ ਨੇ ਕਿਹਾ ਕਿ ਅਗਲੇ 5 ਸਾਲਾਂ ਦੌਰਾਨ ਸੁਨਾਮ ਹਲਕੇ ਦਾ ਅਜਿਹਾ ਵਿਕਾਸ ਕਰਨਾ ਹੈ ਕਿ ਲੋਕ ਦੂਰੋਂ-ਦੂਰੋਂ ਆ ਕੇ ਇਹ ਵਿਕਾਸ ਦੇਖਿਆ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰਨੇ ਹਨ, ਇਸ ਲਈ ਉਨ੍ਹਾਂ ਨੇ ਇਸ ਤੋਂ ਪਹਿਲਾਂ ਲੋਕਾਂ ਦੀ ਕਚਹਿਰੀ 'ਚ ਆਪਣੇ ਲੇਖਾ-ਜੋਖਾ ਰੱਖਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ