ਕੈਪਟਨ ਦੀ ਮਿਲੀਭੁਗਤ ਨਾਲ ਚੱਲਦੀਆਂ ਬਾਦਲਾਂ ਦੀਆਂ ਬੱਸਾਂ : ਅਰੋੜਾ

02/14/2019 12:55:03 PM

ਚੰਡੀਗੜ੍ਹ (ਭੁੱਲਰ): ਦਿੱਲੀ ਦੇ ਏਅਰਪੋਰਟ ਤੱਕ ਏ. ਸੀ. ਬੱਸਾਂ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਸੰਬੰਧਤ  ਪ੍ਰਾਈਵੇਟ ਆਪਰੇਟਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸ਼ਹਿ 'ਤੇ ਪੰਜਾਬ ਦੇ ਲੋਕਾਂ ਨੂੰ ਸ਼ਰੇਆਮ ਲੁੱਟ  ਰਹੇ ਹਨ। 

ਅਮਨ ਅਰੋੜਾ ਨੇ ਦਸਤਾਵੇਜ਼ਾਂ ਦੇ ਆਧਾਰ 'ਤੇ ਸਦਨ 'ਚ ਬਹਿਸ ਦੌਰਾਨ ਦੱਸਿਆ ਕਿ ਬਾਦਲ ਪਰਿਵਾਰ ਮੋਟਰ ਵ੍ਹੀਕਲ ਐਕਟ ਦੀ ਸੈਕਸ਼ਨ 73 ਤਹਿਤ ਜਾਰੀ ਹੁੰਦੇ ਕੰਟ੍ਰੈਕਟ ਕੈਰੇਜ ਪਰਮਿਟ ਅਧੀਨ ਪੰਜਾਬ ਦੇ ਅੰਮ੍ਰਿਤਸਰ, ਜ਼ੀਰਕਪੁਰ, ਮੋਹਾਲੀ ਅਤੇ ਹੋਰ ਸ਼ਹਿਰਾਂ ਤੋਂ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੱਕ ਪ੍ਰਤੀ ਸਵਾਰੀ 3000 ਰੁਪਏ ਤੱਕ ਦੇ ਕਿਰਾਏ 'ਤੇ ਬੱਸਾਂ ਚਲਾ ਰਹੇ ਹਨ, ਜੋ ਗੈਰ-ਕਾਨੂੰਨੀ ਹਨ। ਕੈਪਟਨ ਸਰਕਾਰ ਬਾਦਲਾਂ ਦੀ ਥਾਂ ਪੰਜਾਬ ਦੇ ਲੋਕਾਂ ਦੀ ਹਿਤੈਸ਼ੀ ਹੋਵੇ ਤਾਂ  ਸਾਰੀਆਂ ਪ੍ਰਾਈਵੇਟ ਬੱਸਾਂ ਨੂੰ ਬੰਦ ਕਰ ਸਕਦੀ ਹੈ, ਕਿਉਂਕਿ ਕੰਟਰੈਕਟ ਕੈਰਜ ਪਰਮਿਟ ਦੇ ਅਧੀਨ ਇਹ ਨਾ ਇਕ ਇਕ ਸਵਾਰੀ ਦੀ ਟਿਕਟ ਕੱਟ ਸਕਦੇ ਹਨ ਅਤੇ ਨਾ ਰਾਹ ਵਿਚੋਂ ਸਵਾਰੀ ਚੁੱਕ ਸਕਦੇ ਹਨ ਅਤੇ ਨਾ ਹੀ ਦਿੱਲੀ ਏਅਰਪੋਰਟ ਤੋਂ ਪਹਿਲਾਂ ਕੋਈ ਸਵਾਰੀ ਰਾਹ ਵਿਚ ਉਤਾਰ ਸਕਦੇ ਹਨ ਕਿਉਂਕਿ ਇਹ ਪੂਰੀ ਦੀ ਪੂਰੀ ਬੱਸ ਬੁੱਕ ਹੁੰਦੀ ਹੈ, ਜਿੰਨੀਆਂ ਸਵਾਰੀਆਂ ਜਿਸ ਥਾਂ ਤੋਂ ਚੁੱਕੀਆਂ ਹੁੰਦੀਆਂ ਹਨ, ਓਨੀਆਂ ਹੀ ਵਾਪਸ ਉਸੇ ਥਾਂ 'ਤੇ ਲਿਆਉਣੀਆਂ ਹੁੰਦੀਆਂ ਹਨ। 

ਨਿਯਮਾਂ ਅਨੁਸਾਰ ਹਰੇਕ ਸਵਾਰੀ ਦੇ ਨਾਂ ਦੀ ਸੂਚੀ ਡਰਾਈਵਰ ਕੋਲ ਲਾਜ਼ਮੀ ਹੁੰਦੀ ਹੈ। ਇਸ ਲਈ ਜੇ ਸਰਕਾਰ ਚਾਹੇ ਤਾਂ ਡਰਾਈਵਰ ਦੀ ਸੂਚੀ ਤੋਂ ਹੀ ਇਹ ਫਸ ਜਾਣਗੇ ਕਿਉਂਕਿ ਇਹ ਨਾ ਸਿਰਫ਼ ਜਗ੍ਹਾ-ਜਗ੍ਹਾ ਤੋਂ ਅਲੱਗ-ਅਲੱਗ ਸਵਾਰੀਆਂ ਇਕ ਪਾਸੇ ਲਈ ਚੁੱਕਦੇ ਹਨ ਸਗੋਂ ਇਕ-ਇਕ ਸਵਾਰੀ ਦੀ ਦੇਸ਼-ਵਿਦੇਸ਼ ਤੋਂ ਆਨਲਾਈਨ ਬੁਕਿੰਗ ਕਰਦੇ ਹਨ।

ਅਮਨ ਅਰੋੜਾ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਏਅਰਪੋਰਟ ਤੱਕ ਚੱਲਣ ਨਹੀਂ ਦਿੰਦੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਮੋਟਰ ਵ੍ਹੀਕਲ ਐਕਟ 72 ਅਧੀਨ ਸਟੇਜ ਕੈਰੀਅਰ ਪਰਮਿਟ 'ਤੇ ਦਿੱਲੀ ਦੇ ਅੰਤਰਰਾਸ਼ਟਰੀ ਬੱਸ ਅੱਡੇ ਤੱਕ ਹੀ ਜਾ ਸਕਦੀਆਂ ਹਨ। ਜੇਕਰ ਲੋਕਾਂ ਦੇ ਹਿੱਤਾਂ ਲਈ ਪੰਜਾਬ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਇੰਨਾ ਹੀ ਲਿਖ ਕੇ ਭੇਜ ਦੇਵੇ ਕਿ ਦਿੱਲੀ ਏਅਰਪੋਰਟ ਨੇੜੇ ਅੰਤਰਰਾਜੀ ਬੱਸ ਅੱਡਾ ਸਥਾਪਿਤ ਕੀਤਾ ਜਾਵੇ ਤਾਂ ਦਿੱਲੀ ਸਰਕਾਰ ਦੇਰ ਨਹੀਂ ਕਰੇਗੀ ਪਰ ਪੰਜਾਬ ਸਰਕਾਰ ਅਜਿਹਾ ਕਰਨ ਲਈ ਵੀ ਤਿਆਰ ਨਹੀਂ ਤਾਂ ਕਿ ਬਾਦਲਾਂ ਦੀਆਂ ਬੱਸਾਂ ਦਾ ਧੰਦਾ ਬੰਦ ਨਾ ਹੋ ਜਾਵੇ।


Shyna

Content Editor

Related News