ਲਾਲ ਡੋਰੇ ਅੰਦਰ ਜਾਇਦਾਦ ਦੇ ਲੋਕਾਂ ਨੂੰ ਦਿੱਤੇ ਜਾਣ ਮਾਲਕਾਨਾ ਹੱਕ : ਅਮਨ ਅਰੋੜਾ

Friday, Jun 28, 2019 - 09:59 AM (IST)

ਲਾਲ ਡੋਰੇ ਅੰਦਰ ਜਾਇਦਾਦ ਦੇ ਲੋਕਾਂ ਨੂੰ ਦਿੱਤੇ ਜਾਣ ਮਾਲਕਾਨਾ ਹੱਕ : ਅਮਨ ਅਰੋੜਾ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੂਬੇ 'ਚ ਲਾਲ ਡੋਰੇ ਦੇ ਅੰਦਰ ਜਾਇਦਾਦਾਂ ਦੇ ਮਾਲਕਾਂ ਨੂੰ ਮਾਲ ਰਿਕਾਰਡ ਅਧੀਨ ਮਾਲਕਾਨਾ ਹੱਕ ਦਿੱਤੇ ਜਾਣ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ 'ਚ ਵਸਦੇ ਲੱਖਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਸਕੇ। ਅਮਨ ਅਰੋੜਾ ਨੇ ਆਪਣੀ ਚਿੱਠੀ 'ਚ ਲਿਖਿਆ ਕਿ ਸਮੁੱਚੇ ਪੰਜਾਬ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਸਰਕਾਰ ਵਲੋਂ ਲਾਲ ਡੋਰਾ ਖੇਤਰ ਤੈਅ ਕੀਤੇ ਗਏ ਹਨ, ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਖੇਤਰਾਂ 'ਚ ਲੰਮੇ ਸਮੇਂ ਤੋਂ ਰਹਿੰਦੇ ਹੋਣ ਦੇ ਬਾਵਜੂਦ ਵੀ ਮਾਲ ਰਿਕਾਰਡ ਵਿਚ ਕੋਈ ਮਾਲਕੀ ਹੱਕ ਹਾਸਲ ਨਹੀਂ ਹਨ।

ਨਤੀਜੇ ਵਜੋਂ ਲੱਖਾਂ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਲਾਲ ਡੋਰਾ ਖੇਤਰਾਂ ਅੰਦਰ ਰਹਿੰਦੇ ਮਾਲਕਾਂ ਕੋਲ ਉਨ੍ਹਾਂ ਦੀ ਮਾਲਕੀ ਸਬੰਧੀ ਮਾਲ ਵਿਭਾਗ ਵਿਚ ਕੋਈ ਮਾਲਕੀ ਅਧਿਕਾਰੀ ਨਾ ਹੋਣ ਕਾਰਨ ਉਹ ਮਾਲਕ ਹੋਣ ਦੇ ਆਪਣੇ ਹੱਕ ਤੋਂ ਵੀ ਵਾਂਝੇ ਰਹਿ ਜਾਂਦੇ ਹਨ, ਜਿਸ ਕਰਕੇ ਕਈ ਤਰ੍ਹਾਂ ਦੇ ਮਾਲਕੀ ਝਗੜਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।  ਅਮਨ ਅਰੋੜਾ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਨੇ ਆਪਣੀ ਘਰੇਲੂ ਜ਼ਰੂਰਤ ਜਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਜਾਂ ਵਿਆਹ ਲਈ ਆਪਣੀ ਜਾਇਦਾਦ 'ਤੇ ਬੈਂਕ ਤੋਂ ਕਰਜ਼ਾ ਲੈਣਾ ਹੋਵੇ ਤਾਂ ਉਹ ਵੀ ਨਹੀਂ ਲੈ ਸਕਦਾ ਕਿਉਂਕਿ ਮਾਲ ਰਿਕਾਰਡ 'ਚ ਕਾਨੂੰਨੀ ਮਾਲਕਾਨਾ ਹੱਕ ਨਾ ਹੋਣ ਕਾਰਨ ਮਾਲਕੀ ਦਾ ਕੋਈ ਪੁਖ਼ਤਾ ਸਬੂਤ ਨਹੀਂ ਹੁੰਦਾ, ਜਦਕਿ ਬੈਂਕ ਬਿਜਲੀ, ਪਾਣੀ ਜਾਂ ਸੀਵਰੇਜ ਦੇ ਬਿੱਲਾਂ ਨੂੰ ਮਾਲਕੀ ਅਧਿਕਾਰ ਨਹੀਂ ਮੰਨਦਾ।

'ਆਪ' ਵਿਧਾਇਕ ਅਨੁਸਾਰ ਅਜਿਹੇ ਹਾਲਾਤ ਵਿਚ ਜਿਥੇ ਇਨ੍ਹਾਂ ਪ੍ਰਾਪਰਟੀ ਮਾਲਕਾਂ ਦੀ ਖੱਜਲ ਖ਼ੁਆਰੀ ਹੁੰਦੀ ਹੈ, ਉੱਥੇ ਹੀ ਭ੍ਰਿਸ਼ਟਾਚਾਰ ਰਾਹੀਂ ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਖ਼ਤਰਾ ਵੀ ਹਰ ਸਮੇਂ ਬਣਿਆ ਰਹਿੰਦਾ ਹੈ। ਅਮਨ ਅਰੋੜਾ ਨੇ ਅਪੀਲ ਕੀਤੀ ਕਿ ਲੱਖਾਂ ਲੋਕਾਂ ਦੀ ਇਸ ਭਾਰੀ ਮੁਸ਼ਕਿਲ ਨੂੰ ਦੇਖਦੇ ਹੋਏ ਇਨ੍ਹਾਂ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਤੁਰੰਤ ਮਾਲ ਰਿਕਾਰਡ ਵਿਚ ਮਾਲਕੀ ਅਧਿਕਾਰ ਦਿੱਤੇ ਜਾਣ ਤਾਂ ਜੋ ਇਨ੍ਹਾਂ ਦੀ ਖੱਜਲ ਖ਼ੁਆਰੀ ਨਾ ਹੋ ਸਕੇ।


author

Babita

Content Editor

Related News