ਹੁਣ ਕੈਬ ਬੁੱਕ ਕਰਵਾਉਣ ਲਈ ਨਹੀਂ ਦੇਣਾ ਪਵੇਗਾ ਵਾਧੂ ਚਾਰਜ

10/07/2019 12:55:21 PM

ਚੰਡੀਗੜ੍ਹ (ਵੈਭਵ) : ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਸਫਰ ਤੈਅ ਕਰਨ ਲਈ ਕੈਬ ਲੋਕਾਂ ਦੀ ਪਹਿਲੀ ਪਸੰਦ ਹੈ। ਸਫਰ ਲਈ ਓਲਾ ਅਤ ਓਬਰ ਕੰਪਨੀਆਂ ਦੀ ਟੈਕਸੀ ਲੋਕ ਜ਼ਿਆਦਾ ਬੁੱਕ ਕਰਵਾਉਂਦੇ ਹਨ। ਉਂਝ ਤਾਂ ਕੈਬ ਕੁਝ ਸੈਕਿੰਡਾਂ 'ਚ ਹੀ ਬੁੱਕ ਹੋ ਜਾਂਦੀ ਹੈ ਪਰ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਦੋਹਾਂ ਕੰਪਨੀਆਂ ਦੀ ਰਾਈਡ ਦੇ ਚਾਰਜ ਵੱਖ-ਵੱਖ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਮੋਬਾਇਲ 'ਚ ਦੋਹਾਂ ਕੰਪਨੀਆਂ ਦੇ ਐਪ ਇਕੱਠੇ ਨਹੀਂ ਮਿਲਣਗੇ, ਇਸ ਕਾਰਨ ਉਹ ਕੈਬ ਬੁੱਕ ਕਰਦੇ ਹੋਏ ਰੇਟ ਦੀ ਤੁਲਨਾ ਨਹੀਂ ਕਰ ਪਾਉਂਦੇ। ਹੁਣ ਲੋਕਾਂ ਨੂੰ ਕੈਬ ਬੁੱਕ ਕਰਵਾਉਂਦੇ ਹੋਏ ਵਾਧੂ ਚਾਰਜ ਦੇਣ ਦੀ ਲੋੜ ਨਹੀਂ ਪਵੇਗੀ। ਸਿਟੀ ਬੁਆਏ ਨੇ ਅਜਿਹਾ ਐਪ ਬਣਾਇਆ ਹੈ, ਜਿਸ ਨਾਲ ਤੁਸੀਂ ਰੇਟ ਨੂੰ ਕੰਪੇਅਰ ਕਰ ਸਕੋਗੇ।
ਕੈਬ ਬੁੱਕ ਕਰਾਉਂਦੇ ਹੋਏ ਆਇਆ ਆਈਡੀਆ
ਸਿਟੀ ਬਿਊਟੀਫੁਲ ਦੇ ਨੌਜਵਾਨ ਨਿਤਿਨ ਨੇ ਆਪਣੇ ਦੋਸਤ ਡਾ. ਨਿਤਿਨ ਰਾਵਤ ਨਾਲ ਮਿਲ ਕੇ ਐਪ 'ਐਲਫਾ ਕੈਬ ਕੰਪੇਅਰ' ਬਣਾਇਆ ਹੈ, ਜਿਸ 'ਚ ਤੁਸੀਂ ਸਾਰੇ ਕੈਬ ਆਪਰੇਟਰਾਂ ਦੇ ਰੇਟ ਨੂੰ ਇਕ ਹੀ ਐਪ 'ਚ ਦੇਖ ਸਕੋਗੇ। ਇਹ ਐਪ ਪਲੇਅ ਸਟੋਰ 'ਤੇ ਮੁਹੱਈਆ ਹੈ। ਨਿੱਜੀ ਕੰਪਨੀ 'ਚ ਤਾਇਨਾਤ ਨਿਤਿਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਦੋਸਤ ਯੂ. ਐੱਸ. ਏ. ਤੋਂ ਆਇਆ, ਜਿਸ ਨੂੰ ਮਿਲਣ ਉਹ ਗਿਆ ਸੀ। ਉਸ ਸਮੇਂ ਦੋਹਾਂ ਦੇ ਮੋਬਾਇਲ 'ਚ ਵੱਖ-ਵੱਖ ਐਪ ਸਨ ਅਤੇ ਦੋਹਾਂ ਨੇ ਰਾਈਡ ਲਈ ਕੈਬ ਬੁੱਕ ਕਰਵਾਈ। ਜਦੋਂ ਉਨ੍ਹਾਂ ਨੇ ਰੇਟ ਦੇਖੇ ਤਾਂ 25 ਰੁਪਏ ਦਾ ਫਰਕ ਸੀ। ਉਸ ਸਮੇਂ ਨਿਤਿਨ ਨੂੰ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਪਤਾ ਨਹੀਂ ਕਿੰਨੇ ਲੋਕ ਵਾਧੂ ਭੁਗਤਾਨ ਕਰਦੇ ਹੋਣਗੇ। ਉਸੇ ਸਮੇਂ ਉਸ ਨੇ ਇਸ ਐਪ ਨੂੰ ਬਣਾਉਣ ਦਾ ਆਈਡੀਆ ਸੋਚਿਆ।
5 ਮਹੀਨਿਆਂ 'ਚ ਬਣਾਈ ਐਪ
'ਐਲਫਾ ਕੈਬ ਕੰਪੇਅਰ' ਐਪ ਨੂੰ ਬਣਾਉਣ 'ਚ ਕਰੀਬ 5 ਮਹੀਨਿਆਂ ਦਾ ਸਮਾਂ ਲੱਗਾ ਸੀ, ਇਸ ਤੋਂ ਬਾਅਦ 15 ਸਤੰਬਰ ਨੂੰ ਇਸ ਐਪ ਨੂੰ ਗੂਗਲ ਪਲੇਅ ਸਟੋਰ 'ਤੇ ਅਪਲੋਡ ਕਰ ਦਿੱਤਾ ਗਿਆ ਸੀ। ਕਰੀਬ 3 ਦਿਨ ਐਪ ਨੂੰ ਮਨਜ਼ੂਰੀ ਮਿਲਣ 'ਚ ਲੱਗ ਗਏ। ਇਸ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਗਿਆ ਹੈ। ਪਲੇਅ ਸਟੋਰ 'ਤੇ ਲੋਕ ਐਪ ਨੂੰ ਡਾਊਨਲੋਡ ਕਰ ਰਹੇ ਹਨ, ਜਿਸ ਦੇ ਰੀਵਿਊ ਵੀ ਚੰਗੇ ਮਿਲ ਰਹੇ ਹਨ।


Babita

Content Editor

Related News