ਵਿਧਾਨ ਸਭਾ ਦੀ ਲਾਈਵ ਕਵਰੇਜ ਤੋਂ ਪ੍ਰਤਾਪ ਬਾਜਵਾ ਨਾਰਾਜ਼, ਲਾਏ ਪੱਖਪਾਤ ਦੇ ਦੋਸ਼

06/30/2022 1:42:32 AM

ਚੰਡੀਗੜ੍ਹ/ਗੁਰਦਾਸਪੁਰ (ਬਿਊਰੋ) :  ਪੰਜਾਬ ਵਿਧਾਨ ਸਭਾ ਦੀ ਲਾਈਵ ਕਵਰੇਜ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਾਰਾਜ਼ਗੀ ਜਤਾਈ ਹੈ। ਵਿਧਾਨ ਸਭਾ 'ਚ ਮੁੱਦਾ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਲਾਈਵ ਕਵਰੇਜ ਵਿੱਚ ਪੱਖਪਾਤ ਹੋ ਰਿਹਾ ਹੈ। ਜਦੋਂ ਵਿਰੋਧੀ ਧਿਰ ਦਾ ਵਿਧਾਇਕ ਬੋਲ ਰਿਹਾ ਹੁੰਦਾ ਹੈ ਤਾਂ ਕੈਮਰਾ ਫੋਕਸ ਨਹੀਂ ਹੁੰਦਾ ਅਤੇ ਆਮ ਤੌਰ 'ਤੇ ਵਿਰੋਧੀ ਧਿਰ ਦੇ ਵਿਧਾਇਕ ਦੇ ਭਾਸ਼ਣ ਨੂੰ ਪੂਰਾ ਨਹੀਂ ਦਿਖਾਇਆ ਜਾਂਦਾ। ਇਸ ਕਾਰਨ ਆਮ ਲੋਕਾਂ ਲਈ ਇਹ ਸੁਣਨਾ ਔਖਾ ਹੋ ਜਾਂਦਾ ਹੈ ਕਿ ਵਿਰੋਧੀ ਧਿਰ ਦਾ ਵਿਧਾਇਕ ਵਿਧਾਨ ਸਭਾ 'ਚ ਕੀ ਬੋਲ ਰਿਹਾ ਹੈ ਪਰ ਜਦੋਂ ਮਾਣਯੋਗ ਸਪੀਕਰ, ਮੁੱਖ ਮੰਤਰੀ, ਮੰਤਰੀ ਤੇ ਸੱਤਾ ਧਿਰ ਦੇ ਵਿਧਾਇਕ ਬੋਲ ਰਹੇ ਹੁੰਦੇ ਹਨ ਤਾਂ ਕੈਮਰਾ ਉਨ੍ਹਾਂ 'ਤੇ ਫੋਕਸ ਹੁੰਦਾ ਹੈ ਅਤੇ ਪੂਰੀ ਆਡੀਓ ਨੂੰ ਸੁਣਾਇਆ ਜਾਂਦਾ ਹੈ, ਨਾਲ ਹੀ ਕੈਮਰਾ ਜ਼ੂਮ ਕਰਕੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੌਣ ਬੋਲ ਰਿਹਾ ਹੈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

PunjabKesari

ਬਾਜਵਾ ਨੇ ਕਿਹਾ ਹੈ ਕਿ ਇਹ ਖੁਲਾਸਾ ਉਦੋਂ ਹੋਇਆ ਜਦੋਂ ਕੁਝ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਲਾਈਵ ਕਵਰੇਜ ਵਿੱਚ ਸਰਕਾਰ ਵੱਲੋਂ ਪੱਖਪਾਤ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ’ਤੇ ਪਹਿਲਾਂ ਵੀ ਇਤਰਾਜ਼ ਉਠਾ ਚੁੱਕੇ ਹਨ। ਬਾਜਵਾ ਨੇ ਕਿਹਾ ਕਿ ਲਾਈਵ ਕਵਰੇਜ ਦੌਰਾਨ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਪ੍ਰਮੁੱਖਤਾ ਮਿਲਣੀ ਚਾਹੀਦੀ ਹੈ। ਸਦਨ ਵਿੱਚ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਇਸ ਤਰ੍ਹਾਂ ਦਾ ਅਨੁਚਿਤ ਤੇ ਅਤਿ ਗੈਰ-ਜਮਹੂਰੀ ਵਿਵਹਾਰ ਸ਼ੋਭਾ ਨਹੀਂ ਦਿੰਦਾ ਤੇ ਇਹ ਨਿੰਦਣਯੋਗ ਵੀ ਹੈ। ਉਨ੍ਹਾਂ ਕਿਹਾ ਕਿ ਮੈਂ ਵਿਧਾਨ ਸਭਾ ਦੀ ਕਾਰਵਾਈ ਦੇ ਪ੍ਰਸਾਰਣ ਦਾ ਸਮਰਥਨ ਕਰਦਾ ਹਾਂ ਪਰ ਮੇਰਾ ਮੰਨਣਾ ਹੈ ਕਿ ਇਹ ਸਾਰੇ ਵਿਧਾਇਕਾਂ ਲਈ ਨਿਰਪੱਖ ਅਤੇ ਬਰਾਬਰ ਢੰਗ ਨਾਲ ਹੋਈ ਚਾਹੀਦੀ ਹੈ। ਅਸੀਂ ਸਾਰੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਹਾਂ ਅਤੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਲਾਈਵ ਪ੍ਰਸਾਰਣ ਦੇ ਇੰਚਾਰਜ ਅਫ਼ਸਰਾਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਸਾਰੇ ਵਿਧਾਇਕਾਂ ਦੇ ਭਾਸ਼ਣ ਲਈ ਬਰਾਬਰ ਕਵਰੇਜ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ : ਜਲੰਧਰ ਦੇ ਸਾਬਕਾ MLA ਕੇ. ਡੀ. ਭੰਡਾਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 5 ਲੱਖ ਦੀ ਮੰਗੀ ਫਿਰੌਤੀ

ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਲਾਈਵ ਕਵਰੇਜ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਸੈਸ਼ਨ ਦੀ ਲਾਈਵ ਕਵਰੇਜ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਪੇਜ 'ਤੇ ਲਾਈਵ ਦਿਖਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਵਾਲ ਉਠਾ ਰਹੀਆਂ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਡਰੱਗ ਇੰਸਪੈਕਟਰ ਤੇ ਸਿਵਲ ਹਸਪਤਾਲ ਦੇ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News