PCA ਪ੍ਰਧਾਨ ਵਿਰੁੱਧ ਦੋਸ਼ਾਂ ਦੀ ਸੁਤੰਤਰ ਜਾਂਚ CBI ਤੋਂ ਕਰਵਾਈ ਜਾਵੇ, ਮਜੀਠੀਆ ਦੀ BCCI ਨੂੰ ਅਪੀਲ
Thursday, Oct 13, 2022 - 02:38 AM (IST)
ਚੰਡੀਗੜ੍ਹ (ਅਸ਼ਵਨੀ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਸਿੰਘ ਚਾਹਲ ਖ਼ਿਲਾਫ਼ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਲਗਾਏ ਗਏ ਦੁਰਵਿਵਹਾਰ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੁਤੰਤਰ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ। ਸਾਬਕਾ ਮੰਤਰੀ ਨੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਦੋਵਾਂ ਨੂੰ ਲਿਖੇ ਪੱਤਰ 'ਚ ਕਿਹਾ ਕਿ ਭਾਰਤ-ਆਸਟ੍ਰੇਲੀਆ ਮੈਚ ਦੌਰਾਨ ਗਬਨ ਅਤੇ ਬੇਨਿਯਮੀਆਂ ਦੀ ਵੱਖਰੇ ਤੌਰ ’ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਨਾ ਸਿਰਫ਼ ਪੀ.ਸੀ.ਏ. ਦੇ ਕੰਮਕਾਜ ਵਿਚ ਗੜਬੜੀ ਨੂੰ ਰੋਕਣ ਲਈ, ਸਗੋਂ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਦੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪਾਕਿ ਡਰੋਨ BSF ਲਈ ਬਣੇ ਦੋਹਰੀ ਚੁਣੌਤੀ, ਹੈਰੋਇਨ ਸਮੇਤ ਹਥਿਆਰਾਂ ਦੀ ਵੱਡੀ ਖੇਪ ਮੰਗਵਾ ਰਹੇ ਸਮੱਗਲਰ
ਮਜੀਠੀਆ ਨੇ ਕਿਹਾ ਕਿ ਪੀ.ਸੀ.ਏ. ਵਿਚ ਗੜਬੜੀ ਉਦੋਂ ਸ਼ੁਰੂ ਹੋਈ ਜਦੋਂ 27 ਮਈ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੁਲਜ਼ਾਰ ਇੰਦਰ ਸਿੰਘ ਚਾਹਲ ਨੂੰ ਪ੍ਰਧਾਨ ਚੁਣਿਆ ਗਿਆ। ਪਿਛਲੇ ਮਹੀਨਿਆਂ ਵਿਚ ਪੀ.ਸੀ.ਏ. ਦੇ ਪ੍ਰਬੰਧਨ ਪੱਧਰ ’ਤੇ ਵਿਆਪਕ ਬੇਨਿਯਮੀਆਂ ਦੇਖੀਆਂ ਗਈਆਂ ਹਨ। ਪੀ.ਸੀ.ਏ. ਪ੍ਰਧਾਨ 150 ਨਵੇਂ ਆਜੀਵਨ ਮੈਂਬਰਾਂ ਨੂੰ ਵੋਟ ਦੇ ਅਧਿਕਾਰ ਨਾਲ ਸ਼ਾਮਲ ਕਰਕੇ ਸੰਵਿਧਾਨ ਦੇ ਨਿਯਮਾਂ ਨੂੰ ਤੋੜ ਰਿਹਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਜੋ ਪੀ.ਸੀ.ਏ. ਦੇ ਮੁੱਖ ਸਲਾਹਕਾਰ ਸਨ, ਨੇ ਵੀ ਯੂਨੀਅਨ ਮੈਂਬਰਾਂ ਅਤੇ ਜ਼ਿਲ੍ਹਾ ਇਕਾਈਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਕਦਮ ਦਾ ਵਿਰੋਧ ਕੀਤਾ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਬਿਆਸ ਰੇਲਵੇ ਸਟੇਸ਼ਨ ਨੇੜੇ ਗੁਟਕਾ ਸਾਹਿਬ ਦੇ ਮਿਲੇ ਫਟੇ ਹੋਏ ਅੰਗ
ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਨੇ ਪੀ.ਸੀ.ਏ. ਪ੍ਰਧਾਨ ’ਤੇ ਭ੍ਰਿਸ਼ਟਾਚਾਰ ਦੇ ਵਿਸ਼ੇਸ਼ ਦੋਸ਼ ਲਾਏ ਹਨ। ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਪੀ.ਸੀ.ਏ. ਵੱਲੋਂ ਪੰਜਾਬ ਦੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਨਾਜਾਇਜ਼ ਤੌਰ ’ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਪੀ.ਸੀ.ਏ. ਦੇ ਸਕੱਤਰ ਦਿਲਸ਼ੇਰ ਖੰਨਾ ਨੇ ਵੀ ਇਸ ਕਦਮ ’ਤੇ ਇਤਰਾਜ਼ ਜਤਾਇਆ ਹੈ ਅਤੇ ਲੋਕਪਾਲ ਨੂੰ ਸ਼ਿਕਾਇਤ ਸੌਂਪੀ ਹੈ। ਇਨ੍ਹਾਂ ਦੋਵਾਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀ.ਸੀ.ਏ. ਦੇ ਖਾਤਿਆਂ ਦੇ ਨਾਲ-ਨਾਲ ਮੁੱਲਾਂਪੁਰ ਵਿਖੇ ਇਸ ਦੇ ਨਵੇਂ ਸਟੇਡੀਅਮ ਦੀ ਉਸਾਰੀ ਵਿਚ ਹੋਏ ਖਰਚੇ ਦੀ ਨਿਰਪੱਖ ਆਡੀਟਰਾਂ ਰਾਹੀਂ ਜਨਰਲ ਬਾਡੀ ਦੀ ਤਸੱਲੀ ਲਈ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਇਕ ਵਾਰ ਫਿਰ ਜੇਲ੍ਹ 'ਚੋਂ ਬਾਹਰ ਆਏਗਾ ਰਾਮ ਰਹੀਮ! ਪਹਿਲਾਂ ਵੀ ਮਿਲ ਚੁੱਕੀ ਹੈ 5 ਵਾਰ ਰਾਹਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।