ਸਾਰੀਆਂ ਪਾਰਟੀਆਂ 'ਆਪ' ਨੂੰ ਹਰਾਉਣ ਲਈ ਇਕੱਠੀਆਂ ਹੋਈਆਂ, ਤੁਸੀਂ ਉਨ੍ਹਾਂ ਨੂੰ ਹਰਾਉਣ ਲਈ ਇਕੱਠੇ ਹੋ ਜਾਓ : ਕੇਜਰੀਵਾਲ
Friday, Feb 18, 2022 - 01:06 AM (IST)
ਪਠਾਨਕੋਟ/ਚੰਡੀਗੜ੍ਹ (ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਰਾਸਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਵਿਰੋਧੀ ਪਾਰਟੀਆਂ 'ਤੇ ਇਕੱਠੇ ਹਮਲਾ ਬੋਲਿਆ। ਕੇਜਰੀਵਾਲ ਨੇ ਅਕਾਲੀ-ਕਾਂਗਰਸ ਅਤੇ ਭਾਜਪਾ 'ਤੇ ਮਿਲੀਭੁਗਤ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਤਿੰਨੇ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕੱਠੀਆਂ ਹੋ ਗਈਆਂ ਹਨ। ਕੇਜਰੀਵਾਲ ਨੇ ਕਿਹਾ ਕਿ ਸਾਡਾ ਮਕਸਦ ਪੰਜਾਬ 'ਚੋਂ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖਤਮ ਕਰਨਾ ਹੈ। ਲੋਕਾਂ ਨੂੰ ਚੰਗੀ ਸਿੱਖਿਆ ਅਤੇ ਚੰਗੀਆਂ ਡਾਕਟਰੀ ਸੇਵਾਵਾਂ ਦੇਣਾ ਹੈ। ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੀ ਹਾਲਤ ਨੂੰ ਸੁਧਾਰਨਾ ਹੈ। ਬਿਜਲੀ-ਪਾਣੀ ਦੀ ਸਮੱਸਿਆ ਨੂੰ ਦੂਰ ਕਰਨੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ 'ਚੋਂ ਕੱਢ ਕੇ ਚੰਗੀ ਸਿੱਖਿਆ ਤੇ ਰੁਜਗਾਰ ਦੇਣਾ ਹੈ। ਦੂਜੇ ਪਾਸੇ ਕਾਂਗਰਸ-ਅਕਾਲੀ ਅਤੇ ਭਾਜਪਾ ਦਾ ਮਕਸਦ ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੈ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਸਾਡੀ ਇਮਾਨਦਾਰ ਰਾਜਨੀਤੀ ਨੂੰ ਹਰਾਉਣ ਲਈ ਇਕੱਠੀਆਂ ਹੋ ਗਈਆਂ ਹਨ ਤਾਂ ਤੁਸੀਂ ਵੀ ਇਨਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਹਰਾਉਣ ਲਈ ਇਕੱਠੇ ਹੋ ਜਾਓ।
ਇਹ ਖ਼ਬਰ ਪੜ੍ਹੋ- NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ
ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਸਾਨੂੰ ਪੰਜਾਬ ਨੂੰ ਬਚਾਉਣ ਲਈ ਵੋਟ ਪਾਉਣੀ ਹੈ। ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਵੋਟ ਪਾਉਣੀ ਹੈ। ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖਤਮ ਕਰਨ ਲਈ ਵੋਟ ਪਾਉਣੀ ਹੈ। ਵੀਰਵਾਰ ਨੂੰ ਕੇਜਰੀਵਾਲ 'ਆਪ' ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਪਠਾਨਕੋਟ ਪੁੱਜੇ ਸਨ। ਇੱਥੇ ਉਨਾਂ ਨੇ ਸੁਜਾਨਪੁਰ ਤੋਂ 'ਆਪ' ਉਮੀਦਵਾਰ ਅਮਿਤ ਸਿੰਘ ਮੰਟੋ, ਭੋਆ ਤੋਂ ਉਮੀਦਵਾਰ ਲਾਲ ਚੰਦ ਕਟਾਰੂਚੱਕ ਅਤੇ ਪਠਾਨਕੋਟ ਤੋਂ 'ਆਪ' ਉਮੀਦਵਾਰ ਵਿਭੂਤੀ ਸਰਮਾ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ 'ਆਪ' ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਮਿਲ ਕੇ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲਾਂ ਕੱਢ ਰਹੀਆਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਿਅੰਕਾ ਗਾਂਧੀ ਆਪਣੀਆਂ ਸਾਰੀਆਂ ਮੀਟਿੰਗਾਂ ਵਿੱਚ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲਾਂ ਕੱਢਦੇ ਹਨ ਪਰ ਸੁਖਬੀਰ ਬਾਦਲ ਨੂੰ ਕੁਝ ਨਹੀਂ ਬੋਲਦੇ। ਸੁਖਬੀਰ ਬਾਦਲ ਵੀ ਮੈਨੂੰ ਅਤੇ ਮਾਨ ਨੂੰ ਗਾਲਾਂ ਕੱਢਦੇ ਹਨ ਪਰ ਉਹ ਆਪਣੀਆਂ ਪੁਰਾਣੀਆਂ ਭਾਈਵਾਲ ਭਾਜਪਾ ਅਤੇ ਕਾਂਗਰਸ ਨੂੰ ਨਹੀਂ ਦਿੰਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸਾਹ ਵੀ ਆਪਣੀਆਂ ਮੀਟਿੰਗਾਂ 'ਚ ਸਾਨੂੰ ਗਾਲਾਂ ਕੱਢ ਰਹੇ ਹਨ। ਉਹ ਸੁਖਬੀਰ ਬਾਦਲ 'ਤੇ ਕੁਝ ਨਹੀਂ ਬੋਲਦੇ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਕੇਜਰੀਵਾਲ ਨੇ ਦੋਸ ਲਾਇਆ ਕਿ ਤਿੰਨੋਂ ਪਾਰਟੀਆਂ ਸਾਡੇ ਵਿਰੁੱਧ ਸਾਜਿਸ਼ਾਂ ਰਚ ਰਹੀਆਂ ਹਨ ਅਤੇ ਕਿਸੀ ਵੀ ਤਰਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣਾ ਚਾਹੁੰਦੀਆਂ ਹਨ। ਜਿਸ ਤਰਾਂ ਇਹ ਲੋਕ ਪਿਛਲੇ 70 ਸਾਲਾਂ ਤੋਂ ਪੰਜਾਬ ਨੂੰ ਲੁੱਟ ਰਹੇ ਹਨ, ਉਸੇ ਤਰ੍ਹਾਂ ਅੱਗੇ ਵੀ ਲੁੱਟਣਾ ਚਾਹੁੰਦੇ ਹਨ। ਤਿੰਨਾਂ ਪਾਰਟੀਆਂ ਨੇ ਹਮੇਸਾ ਆਪਸੀ ਸਮਝੌਤੇ ਨਾਲ ਸਰਕਾਰਾਂ ਬਣਾਈਆਂ ਅਤੇ ਮਿਲ ਕੇ ਪੰਜਾਬ ਨੂੰ ਲੁੱਟਿਆ। ਹੁਣ ਇਨਾਂ ਨੂੰ ਡਰ ਹੈ ਕਿ ਜੇਕਰ ਪੰਜਾਬ ਵਿਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਉਨਾਂ ਦੀ ਲੁੱਟ ਦਾ ਕਾਰੋਬਾਰ ਹਮੇਸਾ ਲਈ ਬੰਦ ਹੋ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।