ਅਯੋਧਿਆ ਰਾਮ ਮੰਦਰ ਸਮਝੌਤੇ ਦਾ ਯਤਨ, ਸਿਰਫ ਰਾਜਨੀਤਕ ਸ਼ਗੂਫਾ, ਗੁਜਰਾਤ ਚੋਣ ਖਤਮ ਤਾਂ ਇਹ ਮੁੱਦਾ ਵੀ ਖਤਮ : ਮੌਲਾਨਾ ਸੱਜਾਦ ਨੋਮਾਨੀ

11/18/2017 7:50:10 AM

ਲੁਧਿਆਣਾ(ਕੁਲਵੰਤ)-ਆਲ ਇੰਡੀਆ ਮੁਸਲਮਾਨ ਪਰਸੋਨਲ ਲਾਅ ਬੋਰਡ ਦੇ ਬੁਲਾਰੇ ਮੌਲਾਨਾ ਸੱਜਾਦ ਨੋਮਾਨੀ ਨੇ ਕਿਹਾ ਕਿ ਸ਼੍ਰੀ-ਸ਼੍ਰੀ ਰਵੀ ਸ਼ੰਕਰ ਦੇ ਕੋਲ ਕੋਈ ਵੀ ਸੰਵਿਧਾਨਕ ਹੱਕ ਨਹੀਂ ਕਿ ਉਹ ਅਯੋਧਿਆ ਵਿਚ ਰਾਮ ਮੰਦਰ ਦੀ ਵਿਚੋਲਗੀ ਕਰੇ, ਸਗੋਂ ਇਹ ਤਾਂ ਸਿਰਫ ਭਾਜਪਾ ਦਾ ਚੋਣ ਸ਼ਗੂਫਾ ਹੈ, ਕਿਉਂਕਿ ਗੁਜਰਾਤ ਚੋਣ ਸਿਰ 'ਤੇ ਹੈ ਅਤੇ ਉਹ ਇਹ ਮੁੱਦਾ ਚੁੱਕ ਕੇ ਹਿੰਦੂ ਵੋਟਰਾਂ ਨੂੰ ਭਰਮਾਉਣਾ ਚਾਹੁੰਦੀ ਹੈ। ਉਨ੍ਹਾਂ ਸਾਫ ਕਿਹਾ ਕਿ ਜੇਕਰ ਸਰਕਾਰ ਦਾ ਰਾਮ ਮੰਦਰ ਸਬੰਧੀ ਕੇਸ ਇੰਨਾ ਮਜ਼ਬੂਤ ਹੈ ਤਾਂ ਉਸ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਡੀਕ ਕਰਨੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਵਿਚੋਲਗੀ, ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਅਦਾਲਤ ਵਿਚ ਦੋਨੋਂ ਪੱਖ ਲਿਖ ਕੇ ਦੇਣ ਕਿ ਅਜਿਹੇ ਮਸਲੇ ਨੂੰ ਮਿਲ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ, ਜਦੋਂਕਿ ਰਵੀ ਸ਼ੰਕਰ ਤਾਂ ਅਦਾਲਤ ਵਿਚ ਚੱਲ ਰਹੇ ਕੇਸ ਵਿਚ ਪਾਰਟੀ ਤੱਕ ਨਹੀਂ ਹਨ, ਬਲਕਿ ਉਹ ਤਾਂ ਭਾਜਪਾ ਦੇ ਇਸ਼ਾਰੇ 'ਤੇ ਇਸ ਮੁੱਦੇ ਨੂੰ ਕੈਸ਼ ਕਰ ਰਹੇ ਹਨ।
ਫੀਲਡਗੰਜ ਸਥਿਤ ਜਾਮਾ ਮਸਜਿਦ 'ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੌਲਾਨਾ ਨੋਮਾਨੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਇਸ ਸਮੇਂ ਗਹਿਰਾ ਖਤਰਾ ਪੈਦਾ ਹੋ ਗਿਆ ਹੈ। 15 ਫੀਸਦੀ ਲੋਕ ਡਰਾ ਧਮਕਾ ਕੇ 85 ਫੀਸਦੀ ਲੋਕਾਂ 'ਤੇ ਆਪਣਾ ਸੰਵਿਧਾਨ ਥੋਪਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਮਿਲਜੁਲ ਕੇ ਆਜ਼ਾਦੀ ਲਈ ਕਾਮਯਾਬ ਹੋਣ ਦਾ ਸਮਾਂ ਹੈ, ਜਿਸ ਦੇ ਲਈ ਉਹ ਜਲਦ ਹੀ ਇਕ ਕਾਮਨ ਮਿਨੀਮਮ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਨ ਜਾ ਰਹੇ ਹਨ, ਜਿਸ ਨਾਲ ਕਿਸੇ ਦੇ ਵੀ ਸੰਵਿਧਾਨਕ ਹੱਕ 'ਤੇ ਕੋਈ ਆਪਣਾ ਕਬਜ਼ਾ ਨਾ ਜਮਾ ਸਕੇ। ਰਾਮ ਮੰਦਰ ਮਸਲੇ ਵਿਚ ਸ਼੍ਰੀ-ਸ਼੍ਰੀ ਰਵੀ ਸ਼ੰਕਰ ਤੋਂ ਸ਼ੀਆ ਬੋਰਡ ਵੱਲੋਂ ਮੰਦਰ ਬਣਾਉਣ ਦੀ ਇਜਾਜ਼ਤ ਦੇਣ ਸਬੰਧੀ ਮੌਲਾਨਾ ਨੋਮਾਨੀ ਨੇ ਕਿਹਾ ਕਿ ਸ਼ੀਆ ਬੋਰਡ ਦੇ ਚੇਅਰਮੈਨ 'ਤੇ ਕਰੋੜਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਹਨ, ਜਿਸ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਇਸ ਲਈ ਉਹ ਇਸ ਮਸਲੇ 'ਤੇ ਬੇਬਾਕ ਹੋ ਕੇ ਮੰਦਰ ਬਣਾਉਣ ਦੀ ਗੱਲ ਕਰ ਰਹੇ ਹਨ, ਜਦੋਂਕਿ ਸ਼ੀਆ ਭਾਈਚਾਰੇ ਵਿਚ ਹੀ ਅਨੇਕਾਂ ਅਜਿਹੇ ਲੋਕ ਹਨ ਜੋ ਇਸ ਮਸਲੇ ਦਾ ਹੱਲ ਅਦਾਲਤ ਤੋਂ ਹੀ ਚਾਹੁੰਦੇ ਹਨ। ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ, ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ, ਮੌਲਾਨਾ ਵਲੀ ਸ਼ੁਮਾਲੀ, ਗੁਲਾਮ ਹਸਨ ਕੈਸਰ ਅਤੇ ਮੁਹੰਮਦ ਮੁਸਤਕੀਨ ਵੀ ਮੌਜੂਦ ਸਨ। 
ਕਸ਼ਮੀਰ ਭਾਰਤ ਦਾ ਅਟੁੱਟ ਅੰਗ, ਕਸ਼ਮੀਰੀ ਨਹੀਂ : ਮੌਲਾਨਾ ਨੋਮਾਨੀ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਪਰ ਸਰਕਾਰ ਕਸ਼ਮੀਰੀਆਂ ਨੂੰ ਆਪਣਾ ਹਿੱਸਾ ਨਹੀਂ ਮੰਨਦੀ, ਜਿਸ ਕਾਰਨ ਇਸ ਮਸਲੇ ਦਾ ਹੱਲ ਨਹੀਂ ਹੋ ਸਕਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉੱਥੋਂ ਦੇ ਲੋਕਾਂ ਨੂੰ ਪਹਿਲੇ ਆਪਣੇ ਦੇਸ਼ ਦਾ ਹਿੱਸਾ ਮੰਨੇ ਅਤੇ ਉਸ ਤੋਂ ਬਾਅਦ ਇਸ ਮਸਲੇ ਦਾ ਹੱਲ ਲੱਭੇ। 


Related News