ਪੁਲਸ ਥਾਣਿਆਂ ’ਚ ਸੁਰੱਖਿਅਤ ਨਹੀਂ ਸ਼ਰਾਬ

Monday, Nov 11, 2024 - 04:22 PM (IST)

ਪੁਲਸ ਥਾਣਿਆਂ ’ਚ ਸੁਰੱਖਿਅਤ ਨਹੀਂ ਸ਼ਰਾਬ

ਅੰਮ੍ਰਿਤਸਰ(ਇੰਦਰਜੀਤ)-ਆਬਕਾਰੀ ਵਿਭਾਗ ਨਾਜਾਇਜ਼ ਤੌਰ 'ਤੇ ਸ਼ਰਾਬ ਵੇਚਣ ਵਾਲਿਆਂ ਖਿਲਾਫ ਬਰਾਬਰ ਸ਼ਿਕੰਜ਼ਾ ਬਣਾਈ ਰੱਖਦਾ ਹੈ ਅਤੇ ਵੱਡੀ ਮਾਤਰਾ ਵਿਚ ਬਰਾਮਦ ਕੀਤੀ ਗਈ ਸ਼ਰਾਬ ਪੁਲਸ ਦੇ ਹਵਾਲੇ ਕੀਤੀ ਜਾਂਦੀ ਹੈ। ਵਿਭਾਗ ਵੱਲੋਂ ਹਰ ਸਾਲ ਕਰੋੜਾਂ ਰੁਪਏ ਦੀ ਨਾਜਾਇਜ਼ ਸ਼ਰਾਬ ਨੂੰ ਇਸ ਲਈ ਪੁਲਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਕਿਉਂਕਿ ਆਬਕਾਰੀ ਕੋਲ ਬਰਾਮਦ ਕੀਤੀ ਗਈ ਸ਼ਰਾਬ ਨੂੰ ਸਟੋਰ ਕਰਨ ਲਈ ਕੋਈ ਗੋਦਾਮ ਆਦਿ ਦਾ ਪ੍ਰਬੰਧ ਨਹੀਂ ਹੈ। ਸਵਾਲ ਇਹ ਹੈ ਕਿ ਜੇਕਰ ਪੁਲਸ ਵੱਲੋਂ ਸਟੋਰ ਕੀਤੀ ਗਈ ਸ਼ਰਾਬ ਦੀ ਗਿਣਤੀ ਦਾ ਹਿਸਾਬ ਮੰਗਿਆ ਜਾਵੇ ਅਤੇ ਇਸ ਦੀ ਮਾਤਰਾ ਦੀ ਫਿਜੀਕਲ ਚੈਕਿੰਗ ਕੀਤੀ ਜਾਵੇ ਤਾਂ ਸ਼ਾਇਦ ਇਕ ਚੌਥੇ ਹਿੱਸੇ ਸ਼ਰਾਬ ਵੀ ਪੁਲਸ ਕੋਲ ਸੁਰੱਖਿਅਤ ਨਹੀਂ ਮਿਲੇਗੀ। ਸਾਲ 2019-20 ਵਿਚ ਤਤਕਲੀਨ ਆਬਕਾਰੀ ਵਿਭਾਗ ਦੇ ਤੇਜ਼ ਤਰਾਰ ਡਾਇਰੈਕਟਰ ਗੁਰਤੇਜ ਸਿੰਘ (ਜੋ ਬਾਅਦ ਵਿਚ ਜਸਟਿਸ ਬੇਦੀ ਕਮੇਟੀ ਦੇ ਜੱਜ ਬਣ ਗਏ ਸਨ) ਵੱਲੋਂ ਨਾਜਾਇਜ਼ ਸ਼ਰਾਬ ਵਿਰੁੱਧ ਆਪਣੇ ਕਾਰਜਕਾਲ ਦੌਰਾਨ ਚਲਾਏ ਗਏ ਅਭਿਆਨ ਵਿਚ ਕਰੀਬ 50 ਹਜ਼ਾਰ ਪੇਟੀਆਂ ਅੰਗਰੇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਸਨ। ਨਿਯਮਾਂ ਅਨੁਸਾਰ ਮਟੀਰੀਅਲ ਪੁਲਸ ਕੋਲ ਰੱਖ ਦਿੱਤਾ ਸੀ ਪਰ ਇਸ ਤੇ ਤਿੱਖੀ ਨਜ਼ਰ ਰੱਖੀ ਗਈ ਸੀ ਤਾਂ ਕਿ ਇਸ ਵਿਚ ਕੋਈ ਹੇਰਾ ਫੇਰੀ ਨਾ ਹੋ ਸਕੇ।

ਜੇਕਰ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸ਼ਰਾਬ ਦਾ ਵੱਡਾ ਹਿੱਸਾ ਸੁਰੱਖਿਅਤ ਨਹੀਂ ਸੀ, ਪਰ ਉਕਤ ਅਧਿਕਾਰੀ ਦੇ ਤਬਾਦਲੇ ਤੋਂ ਬਾਅਦ ਇਹ ਖੁਫੀਆ ਜਾਂਚ ਅੱਗੇ ਨਹੀਂ ਵਧ ਸਕੀ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਸਮੱਸਿਆ ਕਿਸੇ ਇਕ ਸ਼ਹਿਰ, ਕਸਬੇ ਦੀ ਨਹੀਂ ਹੈ, ਜਦਕਿ ਪੂਰੇ ਪੰਜਾਬ ਦੀ ਹੈ, ਜਿੱਥੇ ਥਾਣਿਆਂ ਵਿਤ ਪਈ ਸ਼ਰਾਬ ਸੁਰੱਖਿਅਤ ਨਹੀਂ ਹੈ। ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਦੀ ਸਾਬਕਾ ਸੰਯੁਕਤ ਡਾਇਰੈਕਟਰ ਪੰਜਾਬ ਮੈਡਮ ਹਰਦੀਪ ਭਾਵਰਾ ਨੇ ਕਿਹਾ ਕਿ ਆਬਕਾਰੀ ਵਿਭਾਗ ਨੂੰ ਬਰਾਮਦ ਕੀਤੀ ਗਈ ਸ਼ਰਾਬ ਲਈ ਵਧੇਰੇ ਗੋਦਾਮ ਅਤੇ ਸਟੋਰ ਮਿਲਣੇ ਚਾਹੀਦੇ ਹਨ, ਜਿਸ ਦੀ ਨਿਗਰਾਨੀ ਆਬਕਾਰੀ ਕੋਲ ਹੀ ਹੋਵੇ। ਇਸ ਦੇ ਨਾਲ ਹੀ ਬਰਾਮਦ ਮਟੀਰੀਅਲ ਤੇ ਸੀ. ਸੀ. ਟੀ. ਵੀ. ਰਾਹੀਂ ਹਾਈ ਕਮਾਨ ਦੀ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ: ਕੈਨੇਡਾ 'ਚ ਨੀਗਰੋ ਨੇ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਸੂਬੇ ਨੂੰ ਇਸ ਤਰ੍ਹਾਂ ਹੁੰਦੈ ਦੋਹਰਾ ਨੁਕਸਾਨ !

ਪੰਜਾਬ ਵਿੱਚ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲੀ ਸ਼ਰਾਬ ਅਕਸਰ ਚੰਡੀਗੜ੍ਹ ਅਤੇ ਹਰਿਆਣਾ ਤੋਂ ਹੁੰਦੀ ਹੈ। ਸ਼ਰਾਬ ਭੇਜਣ ਤੋਂ ਬਾਅਦ ਉਥੋਂ ਦੀਆਂ ਡਿਸਟਿਲਰੀਆਂ ਨੂੰ ਦੂਜੇ ਰਾਜਾਂ ਤੋਂ ਲਿਆਂਦੀ ਸ਼ਰਾਬ ’ਤੇ ਪੂਰਾ ਮੁਨਾਫਾ ਮਿਲਦਾ ਹੈ, ਉਥੋਂ ਦੀ ਸਰਕਾਰ ਨੂੰ ਟੈਕਸ ਮਿਲਦਾ ਹੈ, ਮਜ਼ਦੂਰਾਂ ਨੂੰ ਤਨਖਾਹ ਵੀ ਮਿਲਦੀ ਹੈ। ਦੂਜੇ ਪਾਸੇ ਘਾਟੇ ਵਜੋਂ ਪੰਜਾਬ ਦਾ ਪੈਸਾ ਦੂਜੇ ਨੰਬਰ ਦੇ ਕਾਰੋਬਾਰੀਆਂ ਵੱਲੋਂ ਸ਼ਰਾਬ ਖਰੀਦਣ ਲਈ ਦੂਜੇ ਰਾਜਾਂ ਨੂੰ ਭੇਜਿਆ ਜਾਂਦਾ ਹੈ, ਜਿਸ ਦਾ ਸਿੱਧਾ ਨੁਕਸਾਨ ਪੰਜਾਬ ਨੂੰ ਹੁੰਦਾ ਹੈ। ਇਸ ਤੋਂ ਬਾਅਦ ਜਦੋਂ ਸ਼ਰਾਬ ਫੜੀ ਜਾਂਦੀ ਹੈ ਤਾਂ ਇਸ ਨੂੰ ਪੰਜਾਬ ਦੇ ਥਾਣਿਆਂ ਵਿਚ ਰੱਖਿਆ ਜਾਂਦਾ ਹੈ, ਜਿਸ ਨੂੰ ਕਾਨੂੰਨ ਦੇ ਅਨੁਸਾਰ ਨਾ ਤਾਂ ਦੁਬਾਰਾ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪੰਜਾਬ ਨੂੰ ਭਾਰੀ ਨੁਕਸਾਨ ਇਸ ਲਈ ਹੁੰਦਾ ਹੈ, ਕਿਉਂਕਿ ਇਕ ਸੂਬੇ ਦੇ ਪੈਸੇ ਦੂਸਰੇ ਸੂਬੇ ਵਿੱਚ ਜਾਂਦੇ ਹਨ ਅਤੇ ਦੂਜੇ ਪਾਸੇ ਬਰਾਮਦ ਸ਼ਰਾਬ ਨੂੰ ਨਸ਼ਟ ਕਰਨ ਵਿਚ ਲੱਗੇ ਹੋਏ ਹਨ, ਇਹ ਰਹੱਸਮਈ ਪਹਿਲੂ ਇਹ ਵੀ ਹੈ ਕਿ ਜੇਕਰ ਜ਼ਬਤ ਕੀਤੀ ਗਈ ਸ਼ਰਾਬ ਨੂੰ ਨਸ਼ਟ ਨਹੀਂ ਕੀਤਾ ਜਾਂਦਾ ਤਾਂ ਮੁਫਤਖੋਰ ਇਸ ਨੂੰ ਕਿਸ ਤਰ੍ਹਾਂ ਥਾਣਿਆਂ ਵਿੱਚੋਂ ਗਾਇਬ ਕਰ ਦਿੰਦੇ ਹਨ? ਇਹ ਹਰ ਕੋਈ ਇਹ ਜਾਣਦਾ ਹੈ!

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ

ਕਿਸੇ ਨਾ ਕਿਸੇ ਰਸਤੇ ਰਾਹੀਂ ਨਿਕਲ ਜਾਂਦੀਆ ਹਨ ਪੇਟੀਆਂ ’ਚੋਂ ਬੋਤਲਾਂ

ਆਬਕਾਰੀ ਕਾਨੂੰਨ ਅਨੁਸਾਰ ਬਰਾਮਦ ਲਾਹਣ ਨੂੰ ਤੁਰੰਤ ਨਸ਼ਟ ਕਰ ਦਿੱਤਾ ਜਾਂਦਾ ਹੈ। ਉਥੇ ਜਿਹੜੀਆਂ ਪੇਟੀਆਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਥਾਣਿਆਂ ਵਿਚ ਪੁਲਸ ਆਪਣੇ ਕੋਲ ਬਤੌਰ ਸੁਰੱਖਿਆ ਵਜੋਂ ਸੁਰੱਖਿਅਤ ਰੱਖਦੀ ਹੈ, ਕਿਉਂਕਿ ਇਹ ਕੇਸ ਪ੍ਰਾਪਰਟੀ ਨਹੀਂ ਹੈ। ਕਈ ਵਾਰ ਇਨ੍ਹਾਂ ਨੂੰ ਉੱਚ ਅਧਿਕਾਰੀਆਂ ਦੀ ਦੇਖ-ਰੇਖ ਹੇਠ ਨਸ਼ਟ ਕਰ ਦਿੱਤਾ ਜਾਂਦਾ ਹੈ ਪਰ ਦੇਖਣ ਵਿਚ ਆਇਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਵਿਭਾਗੀ ਉੱਚ ਅਧਿਕਾਰੀਆਂ ਵੱਲੋਂ ਸ਼ਰਾਬ ਦੀਆਂ ਪੇਟੀਆਂ ਨੂੰ ਸ਼ਰੇਆਮ ਨਸ਼ਟ ਨਹੀਂ ਕੀਤਾ ਗਿਆ ਪਰ ਇਸ ਦੇ ਬਾਵਜੂਦ ਇਹ ਪੇਟੀਆਂ ਉਥੇ ਸੁਰੱਖਿਅਤ ਨਹੀਂ ਹਨ। ਸੂਤਰਾਂ ਦਾ ਮੰਨਣਾ ਹੈ ਕਿ ਸ਼ਰਾਬ ਦੀਆਂ ਪੇਟੀਆਂ ਜਾਂ ਤਾਂ ਕੁਝ ਹੇਠਲੇ ਦਰਜੇ ਦੇ ਮੁਲਾਜ਼ਮ ਖੁਦ ਵਰਤਦੇ ਹਨ ਜਾਂ ਅੰਦਰੋਂ ਖਾਤੇ ਖੁਰਦ ਬੁਰਦ ਕਰ ਦਿੰਦੇ ਹਨ।

ਵਿਭਾਗੀ ਅਧਿਕਾਰੀਆਂ ਤੋਂ ਪੁੱਛਣ ’ਤੇ ਨਹੀਂ ਮਿਲਦਾ ਕੋਈ ਸਹੀ ਜਵਾਬ

ਜੇਕਰ ਕਿਸੇ ਥਾਣੇ ਦੇ ਅਧਿਕਾਰੀ ਨੂੰ ਐਕਸਾਈਜ਼ ਵੱਲੋਂ ਬਰਾਮਦ ਕੀਤੀ ਗਈ ਸ਼ਰਾਬ ਬਾਰੇ ਪੁੱਛਿਆ ਜਾਵੇ ਤਾਂ ਉਹ ਬੜੇ ਸਹਿਜ ਨਾਲ ਜਵਾਬ ਦਿੰਦਾ ਹੈ, ‘ਭਾਅ ਜੀ ਸ਼ਰਾਬ ਖ਼ਰਾਬ ਹੋ ਗਈ ਸੀ, ਇਸ ਲਈ ਇਸ ਨੂੰ ਗੰਦੇ ਨਾਲੇ ਵਿਚ ਰੋਹੜ ਦਿੱਤਾ ਸੀ’! ਜਾਂ ਉਹ ਕਹਿੰਦੇ ਹਨ ਕਿ ਇਹ ਲੀਕ ਹੋ ਗਈ ਸੀ, ਇਸ ਤੋਂ ਬਦਬੂ ਆ ਰਹੀ ਸੀ... ਆਦਿ। ਸਬੰਧਤ ਮਾਮਲੇ ’ਤੇ ਕਈ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਭਾਵੇਂ ਕਿ ਅੰਮ੍ਰਿਤਸਰ ’ਚ ਤਾਇਨਾਤ ਕਈ ਸਾਬਕਾ ਆਈ. ਪੀ. ਐੱਸ. ਅਧਿਕਾਰੀਆਂ ਨੇ ਇਸ ਮਾਮਲੇ ’ਚ ਕਈ ਰਾਜ਼ ਖੋਲ੍ਹੇ ਹਨ ਪਰ ਫਿਲਹਾਲ ਕੋਈ ਵੀ ਤਾਇਨਾਤ ਅਧਿਕਾਰੀ ਇਸ ’ਤੇ ਕੋਈ ਵਰਨਣ ਦੇਣ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਬਕਾਰੀ ਅਧਿਕਾਰੀ ਇਸ ਦੀ ਜਾਂਚ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਉੱਚ ਅਧਿਕਾਰੀਆਂ ਨੂੰ ਫੀਡਬੈਕ ਵੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ

ਪੰਜਾਬ ਵਿਚ ਹੈ ਔਸਤ 14 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖ਼ਪਤ

ਜੇਕਰ ਪੰਜਾਬ ਰਾਜ ਆਬਕਾਰੀ ਵਿਭਾਗ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸੂਬੇ ’ਚ ਹਰ ਸਾਲ 36 ਕਰੋੜ ਬੋਤਲਾਂ ਦੀ ਖ਼ਪਤ ਹੁੰਦੀ ਹੈ। ਪੰਜਾਬ ਦੀ 3 ਕਰੋੜ 4 ਹਜ਼ਾਰ ਦੀ ਆਬਾਦੀ ਵਿਚ ਸ਼ਰਾਬ ਦੀ ਖ਼ਪਤ ਦੇ ਅੰਕੜੇ ਦੱਸਦੇ ਹਨ ਕਿ ਪ੍ਰਤੀ ਵਿਅਕਤੀ ਸ਼ਰਾਬ ਦੀ ਔਸਤ ਖ਼ਪਤ 12 ਬੋਤਲਾਂ ਯਾਨੀ 9 ਲੀਟਰ ਹੈ। ਦੂਜੇ ਪਾਸੇ ਕੌਮੀ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਪੰਜਾਬ ਵਿਚ ਸ਼ਰਾਬ ਦੀ ਖਪਤ ਪ੍ਰਤੀ ਵਿਅਕਤੀ 14 ਲੀਟਰ ਹੈ। ਕੇਂਦਰ ਅਤੇ ਪੰਜਾਬ ਦੇ ਅੰਕੜਿਆਂ ਵਿੱਚ 40 ਫੀਸਦੀ ਦਾ ਫਰਕ ਦੱਸਦਾ ਹੈ ਕਿ ਇੱਥੇ ਗੈਰ-ਕਾਨੂੰਨੀ ਸ਼ਰਾਬ ਦੂਜੇ ਰਾਜਾਂ ਨਾਲੋਂ ਵੱਧ ਹੈ। ਇਹ ਸੂਬੇ ਦੇ ਮਾਲੀਏ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News