ਸ਼ਰਾਬ ਦੀਆਂ 444 ਬੋਤਲਾਂ ਸਣੇ ਕਾਬੂ
Friday, Sep 29, 2017 - 01:35 AM (IST)

ਕਾਠਗੜ੍ਹ, (ਰਾਜੇਸ਼)- ਪੁਲਸ ਨੇ ਅੱੱਜ ਨਾਕਾਬੰਦੀ ਦੌਰਾਨ 444 ਸ਼ਰਾਬ ਦੀਆਂ ਬੋਤਲਾਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ।
ਇਸ ਸੰਬੰਧੀ ਥਾਣਾ ਕਾਠਗੜ੍ਹ ਦੇ ਐੱਸ.ਐੱਚ.ਓ. ਪ੍ਰੇਮ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਅੱਜ ਸਵੇਰੇ ਉਨ੍ਹਾਂ ਵੱਲੋਂ ਪੁਲਸ ਪਾਰਟੀ ਸਮੇਤ ਕਾਠਗੜ੍ਹ ਮੌੜ ਹਾਈਵੇ 'ਤੇ ਖਾਸ ਨਾਕਾ ਲਾਇਆ ਗਿਆ ਸੀ। ਇਸ ਦੌਰਾਨ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਜਦੋਂ ਇਕ ਕਾਲੇ ਰੰਗ ਦੀ ਸਕਾਰਪੀਓ ਦੇ ਚਾਲਕ ਨੇ ਚਲਾਕੀ ਨਾਲ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਾਰ ਨੂੰ ਘੇਰ ਲਿਆ। ਤਲਾਸ਼ੀ ਉਪਰੰਤ ਉਸ 'ਚੋਂ ਨਾਜਾਇਜ਼ ਸ਼ਰਾਬ ਦੀਆਂ 444 ਬੋਤਲਾਂ (37 ਪੇਟੀਆਂ) ਬਰਾਮਦ ਹੋਈਆਂ।
ਪਿੰਡ ਧਕਤਾਣਾ ਦੀ ਖੱਡ 'ਚ ਲਾਹੁੰਦੇ ਸਨ ਸ਼ਰਾਬ : ਕਾਰ ਦੇ ਚਾਲਕ ਰਾਜ ਕੁਮਾਰ ਨੂੰ ਕਾਬੂ ਕਰ ਕੇ ਜਦੋਂ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਬਸੀ ਪਠਾਣਾ ਤੋਂ ਸ਼ਰਾਬ ਲਿਆ ਕੇ ਪਿੰਡ ਧਕਤਾਣਾ ਦੀ ਖੱਡ 'ਚ ਲਾਹੁੰਦਾ ਸੀ, ਜਿਥੋਂ ਫਿਰ ਵੱਖ-ਵੱਖ ਥਾਵਾਂ ਲਈ ਸਪਲਾਈ ਕੀਤੀ ਜਾਂਦੀ ਹੈ। ਉਸ ਨੇ ਦੋ ਵਿਅਕਤੀਆਂ ਦੇ ਨਾਂ ਵੀ ਦੱਸੇ, ਜੋ ਸ਼ਰਾਬ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਐੱਸ.ਐੱਚ.ਓ. ਪ੍ਰੇਮ ਸਿੰਘ ਨੇ ਦੱਸਿਆ ਕਿ ਸਕਾਰਪੀਓ ਨੂੰ ਸ਼ਰਾਬ ਦੀਆਂ ਪੇਟੀਆਂ ਸਣੇ ਕਬਜ਼ੇ 'ਚ ਲੈ ਲਿਆ ਹੈ, ਜਦਕਿ ਕਾਰ ਦੇ ਚਾਲਕ 'ਤੇ ਮਾਮਲਾ ਦਰਜ ਕਰ ਕੇ ਮੇਨ ਸਪਲਾਇਰ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾਵੇਗੀ।