ਜ਼ਿਆਦਾ ਸ਼ਰਾਬ ਪਿਲਾਉਣ ਨਾਲ ਵਿਅਕਤੀ ਦੀ ਹੋਈ ਮੌਤ, 2 ਖਿਲਾਫ ਮਾਮਲਾ ਦਰਜ

05/21/2019 8:27:31 PM

ਬਟਾਲਾ,(ਬੇਰੀ, ਭਗਤ): ਸ਼ਹਿਰ ਦੇ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਸ ਨੇ ਜ਼ਿਆਦਾ ਸ਼ਰਾਬ ਪਿਆਉਣ ਨਾਲ ਵਿਅਕਤੀ ਦੀ ਹੋਈ ਮੌਤ ਦੇ ਸਬੰਧ 'ਚ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਬਿਕਰਮਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਰਵਾਲੀਆ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਲਿਖਵਾਇਆ ਕਿ ਉਸ ਦਾ ਛੋਟਾ ਭਰਾ ਬਲਵਿੰਦਰ ਸਿੰਘ (25) ਆਪਣੇ ਪਿੰਡ ਦੇ ਦਿਲਸ਼ੇਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਕਰਵਾਲੀਆ ਦੇ ਘਰ ਨੌਕਰ ਵਜੋਂ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਬੀਤੇ ਕੱਲ੍ਹ ਉਸ ਦਾ ਭਰਾ ਉਕਤ ਵਿਅਕਤੀ ਦੇ ਘਰ ਕੰਮ ਕਰਨ ਲਈ ਚਲਾ ਗਿਆ ਤੇ ਉਹ ਰਾਤ 8.30 ਵਜੇ ਤਕ ਘਰ ਨਹੀਂ ਆਇਆ। ਜਦ ਉਹ ਆਪਣੇ ਭਰਾ ਨੂੰ ਵੇਖਣ ਲਈ ਉਕਤ ਵਿਅਕਤੀ ਦੇ ਘਰ ਗਿਆ ਤਾਂ ਉਕਤ ਦਿਲਸ਼ੇਰ ਸਿੰਘ ਤੇ ਜਤਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕਰਵਾਲੀਆ ਉਸ ਦੇ ਭਰਾ ਨੂੰ ਸ਼ਰਾਬ ਪਿਲਾ ਰਹੇ ਸਨ। ਜਦ ਉਸ ਨੇ ਉਨ੍ਹਾਂ ਨੂੰ ਇਹ ਕਰਨ ਤੋਂ ਰੋਕਿਆ ਤਾਂ ਉਕਤ ਦੋਵਾਂ ਵਿਅਕਤੀਆਂ ਨੇ ਕਿਹਾ ਕਿ ਇਸ ਨਾਲ ਕੁੱਝ ਨਹੀਂ ਵਿਗੜਦਾ। ਇਸ ਤੋਂ ਬਾਅਦ ਵੀ ਰਾਤ ਵੇਲੇ ਜਦ ਉਸ ਦਾ ਭਰਾ ਘਰ ਨਹੀਂ ਆਇਆ ਤਾਂ ਉਹ ਆਪਣੇ ਭਰਾ ਦੀ ਜਦ ਭਾਲ ਕਰ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਉਸ ਦਾ ਭਰਾ ਬਲਵਿੰਦਰ ਸਿੰਘ ਉਕਤ ਜਤਿੰਦਰ ਦੀ ਹਵੇਲੀ ਦੇ ਪਿਛਲੇ ਪਾਸੇ ਗੰਦੇ ਨਾਲੇ ਕੋਲ ਡਿੱਗਿਆ ਪਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਭਰਾ ਬਲਵਿੰਦਰ ਸਿੰਘ ਦੀ ਮੌਤ ਉਕਤ ਦੋਵਾਂ ਵਿਅਕਤੀਆਂ ਵਲੋਂ ਉਸ ਦੇ (ਬਿਕਰਮਜੀਤ) ਦੇ ਮਨ੍ਹਾ ਕਰਨ 'ਤੇ ਵੀ ਜ਼ਿਆਦਾ ਸ਼ਰਾਬ ਪਿਲਾਉਣ ਕਰਕੇ ਹੋਈ ਹੈ। ਇਸ ਸਬੰਧੀ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਸ ਨੇ ਬਿਕਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਵਾਂ ਵਿਅਕਤੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


 


Related News