ਆਖਿਰ ਦੇਰ ਰਾਤ ਬੱਸ ਸਟੈਂਡ ਚੌਕੀ ਦੇ ਕੋਲ ਹੀ ਕਿਉਂ ਠੇਕੇ ''ਤੇ ਵਿਕਦੀ ਹੈ ਸ਼ਰਾਬ
Friday, Jan 10, 2020 - 05:16 PM (IST)
ਜਲੰਧਰ (ਸ਼ੋਰੀ) : ਦੇਰ ਰਾਤ ਸ਼ਰਾਬ ਕਿਤੇ ਹੋਰ ਮਿਲੇ ਨਾ ਮਿਲੇ ਪਰ ਬੱਸ ਸਟੈਂਡ ਦੇ ਬਾਹਰ ਠੇਕੇ 'ਤੇ ਸ਼ਟਰ ਦੇ ਥਲਿਓਂ ਆਸਾਨੀ ਨਾਲ ਮਿਲ ਜਾਵੇਗੀ। ਭਾਵ ਚਾਹ ਪੀਣੀ ਹੋਵੇ ਤਾਂ ਬੱਸ ਸਟੈਂਡ ਦੇ ਅੰਦਰ ਅਤੇ ਦਾਰੂ ਲੈਣੀ ਹੋਵੇ ਤਾਂ ਬੱਸ ਸਟੈਂਡ ਦੇ ਬਾਹਰ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਠੇਕੇ ਤੋਂ ਕੁਝ ਕਦਮ ਦੀ ਦੂਰੀ ਉੱਤੇ ਹੀ ਬੱਸ ਸਟੈਂਡ ਦੀ ਚੌਕੀ ਹੈ ਅਤੇ ਪੁਲਸ ਠੇਕੇ ਨੂੰ ਬੰਦ ਕਿਉਂ ਨਹੀਂ ਕਰਵਾਉਂਦੀ ਤਾਂ ਇਸ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਚੌਕੀ 'ਚ ਤਾਇਨਾਤ ਕੁਝ ਪੁਲਸ ਵਾਲਿਆਂ ਦੀ ਸੈਟਿੰਗ ਦੇ ਕਾਰਨ ਠੇਕੇ 'ਤੇ ਭੀੜ ਬਣੀ ਰਹਿੰਦੀ ਹੈ ਅਤੇ ਕਿਸੇ ਨੂੰ ਸ਼ਰਾਬ ਖਰੀਦਣ ਦੌਰਾਨ ਤੰਗ ਨਹੀਂ ਕੀਤਾ ਜਾਂਦਾ। ਪੁਲਸ ਵਾਲੇ ਜੇਕਰ ਕੋਲੋਂ ਲੰਘ ਵੀ ਰਹੇ ਹੋਣ ਤਾਂ ਠੇਕੇ ਵੱਲ ਧਿਆਨ ਨਹੀਂ ਦਿੰਦੇ।
ਨਿਯਮਾਂ ਦੀਆਂ ਉੱਡੀਆਂ ਧੱਜੀਆਂ
ਜਾਣਕਾਰੀ ਮੁਤਾਬਕ ਡੀ. ਸੀ. ਅਤੇ ਆਬਕਾਰੀ ਵਿਭਾਗ ਦੇ ਨਿਯਮਾਂ ਦੇ ਮੁਤਾਬਕ ਰਾਤ ਨੂੰ 11 ਵਜੇ ਤੋਂ ਬਾਅਦ ਠੇਕੇ ਬੰਦ ਹੋਣੇ ਚਾਹੀਦੇ ਹਨ ਅਤੇ ਸ਼ਰਾਬ ਨਹੀਂ ਵਿਕਣੀ ਚਾਹੀਦੀ ਪਰ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਪੂਰੀ ਰਾਤ ਬੱਸ ਸਟੈਂਡ ਦੇ ਬਾਹਰ ਠੇਕੇ ਦੇ ਸ਼ਟਰ ਦੇ ਹੇਠਲੇ ਹਿੱਸੇ ਨੂੰ ਟੇਢਾ ਕਰ ਕੇ ਇਕ ਥਾਂ ਬਣਾਈ ਗਈ ਹੈ, ਜਿੱਥੋਂ ਗਾਹਕ ਪੈਸੇ ਠੇਕੇ ਦੇ ਅੰਦਰ ਬੈਠੇ ਕਰਿੰਦਿਆਂ ਨੂੰ ਦਿੰਦਾ ਹੈ ਅਤੇ ਉਸ ਨੂੰ ਆਸਾਨੀ ਨਾਲ ਸ਼ਰਾਬ ਮਿਲ ਜਾਂਦੀ ਹੈ।
ਠੇਕੇ ਦਾ ਕਰਿੰਦਾ ਓਵਰਚਾਰਜ ਕਰ ਕੇ ਪੂਰੀ ਰਾਤ ਸ਼ਰਾਬ ਵੇਚਦਾ ਹੈ, ਜਿਸ ਨਾਲ ਉਸ ਨੂੰ ਕਾਫ਼ੀ ਫਾਇਦਾ ਅਤੇ ਠੇਕੇ ਦੀ ਸੇਲ ਵੀ ਵਧ ਜਾਂਦੀ ਹੈ। ਨਾਂ ਨਾ ਛਾਪਣ ਦੀ ਸ਼ਰਤ 'ਤੇ ਪੀ. ਸੀ. ਆਰ. 'ਚ ਤਾਇਨਾਤ ਇਕ ਪੁਲਸ ਜਵਾਨ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿਚ ਤਾਂ 11 ਵਜੇ ਤੋਂ ਬਾਅਦ ਉਨ੍ਹਾਂ ਨੇ ਚੋਰ ਖਿੜਕੀ ਰਾਹੀਂ ਸ਼ਰਾਬ ਵਿਕਣੀ ਬੰਦ ਕਰਵਾ ਦਿੱਤੀ ਸੀ ਪਰ ਚੌਕੀ ਤੋਂ ਹੀ ਫੋਨ ਆਉਣ ਕਾਰਨ ਉਸ ਨੂੰ ਇਥੋਂ ਹਟਾ ਕੇ ਦੂਜੀ ਥਾਂ ਲਾ ਦਿੱਤਾ ਗਿਆ। ਰਾਤ ਨੂੰ ਸ਼ਰਾਬੀ ਹੁੱਲੜਬਾਜ਼ੀ ਕਰਨ ਦੇ ਨਾਲ ਰਾਹਗੀਰਾਂ ਨਾਲ ਵਿਵਾਦ ਵੀ ਕਰਦੇ ਹਨ। ਕੁਝ ਦਿਨ ਪਹਿਲਾਂ ਇਕ ਸ਼ਰਾਬੀ ਨੇ ਖਾਲੀ ਬੀਅਰ ਦੀ ਬੋਤਲ ਸੜਕ ਉੱਤੇ ਤੋੜੀ ਅਤੇ ਇਕ ਕਾਰ ਪੰਕਚਰ ਹੋ ਗਈ ਸੀ। ਇਸ ਮਾਮਲੇ 'ਚ ਦੋਵਾਂ ਧਿਰਾਂ 'ਚ ਕੁੱਟਮਾਰ ਵੀ ਹੋਈ ਸੀ। ਸ਼ਰਾਬ ਲੈਣ ਵਾਲੇ ਜ਼ਿਆਦਾਤਰ ਅਮੀਰ ਘਰਾਂ ਨਾਲ ਸਬੰਧਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਰੋਕਣ 'ਤੇ ਉਹ ਫੋਨ 'ਤੇ ਕਿਸੇ ਨਾ ਕਿਸੇ ਅਧਿਕਾਰੀ ਨਾਲ ਗੱਲ ਕਰਵਾ ਕੇ ਉਨ੍ਹਾਂ 'ਤੇ ਧੌਂਸ ਜਮਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਕ੍ਰਾਈਮ ਕਰਨ ਵਾਲੇ ਲੋਕ ਵੀ ਇਥੇ ਸ਼ਰਾਬ ਖਰੀਦਣ ਲਈ ਆਉਂਦੇ ਹਨ।
ਏ. ਡੀ. ਸੀ. ਪੀ. ਨੇ ਰਾਤ ਨੂੰ ਸ਼ਰਾਬ ਵਿਕਰੀ ਬੰਦ ਕਰਵਾਈ ਸੀ
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਇਸ ਠੇਕੇ ਦੇ ਬਾਹਰ ਅਚਾਨਕ ਚੈਕਿੰਗ ਕੀਤੀ ਤਾਂ ਦੇਖਿਆ ਕਿ ਸ਼ਟਰ 'ਤੇ ਬਣੀ ਚੋਰ ਖਿੜਕੀ ਰਾਹੀਂ ਰਾਤ 12 ਵਜੇ ਤੋਂ ਬਾਅਦ ਵੀ ਲੋਕ ਸ਼ਰਾਬ ਖਰੀਦ ਰਹੇ ਸਨ। ਉਨ੍ਹਾਂ ਤੁਰੰਤ ਐਕਸ਼ਨ ਲਿਆ ਅਤੇ ਖਿੜਕੀ ਪੱਕੇ ਤੌਰ 'ਤੇ ਬੰਦ ਕਰਵਾਈ ਸੀ। ਇਸ ਤੋਂ ਬਾਅਦ ਚੋਰ ਖਿੜਕੀ ਤਾਂ ਨਹੀਂ ਖੁੱਲ੍ਹੀ ਪਰ ਸ਼ਰਾਬ ਵੇਚਣ ਦਾ ਅੰਦਾਜ਼ ਬਦਲ ਗਿਆ ਅਤੇ ਹੁਣ ਸ਼ਟਰ ਦੇ ਹੇਠੋਂ ਸ਼ਰਾਬ ਵਿਕ ਰਹੀ ਹੈ। ਇੰਨਾ ਹੀ ਨਹੀਂ ਕੁਝ ਸਾਲ ਪਹਿਲਾਂ ਪੁਲਸ ਅਧਿਕਾਰੀਆਂ ਨੇ ਵੀ ਨਾਈਟ ਚੈਕਿੰਗ ਦੌਰਾਨ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਇਸ ਠੇਕੇ 'ਤੇ ਰਾਤ 11 ਵਜੇ ਤੋਂ ਬਾਅਦ ਵਿਕਣ ਵਾਲੀ ਸ਼ਰਾਬ 'ਤੇ ਰੋਕ ਲਾਉਂਦਿਆਂ ਕਰਿੰਦਿਆਂ 'ਤੇ ਐੱਫ. ਆਈ. ਆਰ. ਦਰਜ ਕਰਵਾਈ ਸੀ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਇਸ ਮਾਮਲੇ 'ਚ ਡੀ. ਸੀ. ਪੀ. ਲਾਅ ਐਂਡ ਆਰਡਰ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ 11 ਵਜੇ ਤੋਂ ਬਾਅਦ ਬੱਸ ਸਟੈਂਡ ਦੇ ਬਾਹਰ ਸ਼ਰਾਬ ਵਿਕਣ ਨਹੀਂ ਦਿੱਤੀ ਜਾਵੇਗੀ, ਲੋੜ ਪਈ ਤਾਂ ਪੁਲਸ ਕੇਸ ਦਰਜ ਕਰ ਕੇ ਕਰਿੰਦਿਆਂ ਨੂੰ ਗ੍ਰਿਫਤਾਰ ਕਰੇਗੀ। ਉਥੇ ਹੀ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਆ ਗਿਆ ਹੈ ਅਤੇ ਬੱਸ ਸਟੈਂਡ ਪੁਲਸ ਜਵਾਨਾਂ, ਪੀ. ਸੀ. ਆਰ. ਅਤੇ ਜ਼ੂਲੋ ਗੱਡੀਆਂ ਨੂੰ ਹੁਕਮ ਦੇ ਦਿੱਤੇ ਹਨ ਕਿ ਰਾਤ 11 ਵਜੇ ਤੋਂ ਬਾਅਦ ਉਥੇ ਪੱਕੇ ਤੌਰ 'ਤੇ ਨਾਕਾਬੰਦੀ ਕੀਤੀ ਜਾਵੇ। ਉਹ ਆਪਣੇ ਇਲਾਕੇ 'ਚ ਗਲਤ ਕੰਮ ਨਹੀਂ ਹੋਣ ਦੇਣਗੇ।