ਮਹਿਲਾ ਅਕਾਲੀ ਸਰਪੰਚ ਅਹੁਦੇ ਤੋਂ ਮੁਅੱਤਲ
Thursday, Jan 11, 2018 - 12:04 PM (IST)

ਭਵਾਨੀਗੜ੍ਹ (ਵਿਕਾਸ, ਅੱਤਰੀ)- ਦਲਿਤ ਭਾਈਚਾਰੇ ਦੇ ਲੋਕਾਂ ਨੂੰ ਕੱਚੇ ਮਕਾਨਾਂ ਦੀ ਮੁਰੰਮਤ ਲਈ ਸਹਾਇਤਾ ਰਾਸ਼ੀ ਦਿਵਾਉਣ ਲਈ ਫਾਰਮ ਭਰਨ ਦੇ ਨਾਂ 'ਤੇ ਪੈਸੇ ਹੜੱਪਣ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਨੇ ਪਿੰਡ ਮਾਝੀ ਦੀ ਮਹਿਲਾ ਅਕਾਲੀ ਸਰਪੰਚ ਮਨਜੀਤ ਕੌਰ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਇਸ ਸੰਬੰਧੀ ਬਲਾਕ ਵਿਕਾਸ ਪੰਚਾਇਤੀ ਅਫਸਰ ਭਵਾਨੀਗੜ੍ਹ ਅਮਿਤ ਬੱਤਰਾ ਤੇ ਪੰਚਾਇਤੀ ਸਕੱਤਰ ਏਕਮ ਸਿੰਘ ਨੇ ਉਕਤ ਸਰਪੰਚ ਨੂੰ ਵਿਭਾਗ ਵੱਲੋਂ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਪੰਚਾਇਤੀ ਸਕੱਤਰ ਏਕਮ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪਿੰਡ ਮਾਝੀ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਬੀ. ਡੀ. ਪੀ. ਓ. ਭਵਾਨੀਗੜ੍ਹ ਨੂੰ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੀ ਸਰਪੰਚ ਮਨਜੀਤ ਕੌਰ ਤੇ ਕੁਝ ਹੋਰ ਵਿਅਕਤੀਆਂ ਨੇ ਉਨ੍ਹਾਂ ਤੋਂ ਕੱਚੇ ਘਰਾਂ ਦੀ ਮਿਲਣ ਵਾਲੀ ਸਹਾਇਤਾ ਰਾਸ਼ੀ ਲਈ ਫਾਰਮ ਭਰਨ ਦੇ ਪੈਸੇ ਲੈ ਲਏ। ਸ਼ਿਕਾਇਤ ਸੰਬੰਧੀ ਪੰਚਾਇਤੀ ਅਫਸਰ ਭਵਾਨੀਗੜ੍ਹ ਤੇ ਡੀ. ਡੀ. ਪੀ. ਓ. ਸੰਗਰੂਰ ਵੱਲੋਂ ਮਾਮਲੇ ਸੰਬੰਧੀ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਲੋੜੀਂਦੀ ਕਾਰਵਾਈ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਤਹਿਤ ਕਾਰਵਾਈ ਕਰਦਿਆਂ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੱਲੋਂ ਪਿੰਡ ਮਾਝੀ ਦੀ ਮੌਜੂਦਾ ਮਹਿਲਾ ਸਰਪੰਚ ਮਨਜੀਤ ਕੌਰ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਕੇ ਉਸ ਕੋਲੋਂ ਪੰਚਾਇਤ ਦੇ ਸਾਰੇ ਅਧਿਕਾਰ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ। ਦੂਜੇ ਪਾਸੇ, ਸ਼ਿਕਾਇਤਕਰਤਾਵਾਂ ਪੇਂਡੂ ਚੌਕੀਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਗੁਰ ਮਾਝੀ, ਬਲਵਿੰਦਰ ਸਿੰਘ, ਛੋਟਾ ਸਿੰਘ ਤੇ ਹਰਦਿਆਲ ਸਿੰਘ ਨੇ ਪੰਚਾਇਤੀ ਵਿਭਾਗ ਵੱਲੋਂ ਸਰਪੰਚ ਨੂੰ ਮੁਅੱਤਲ ਕਰਨ ਦੇ ਦਿੱਤੇ ਗਏ ਫੈਸਲੇ 'ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਦਲਿਤ ਭਾਈਚਾਰੇ ਨਾਲ ਹੋਈ ਧੋਖਾਦੇਹੀ ਦੇ ਮਾਮਲੇ 'ਚ ਸਰਪੰਚ ਤੇ ਠੱਗੀ ਕਰਨ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ।
ਮੁਅੱਤਲ ਕੀਤੀ ਸਰਪੰਚ ਮਨਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਕਾਲੀ ਦਲ ਨਾਲ ਸੰਬੰਧਤ ਹੋਣ ਕਾਰਨ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ।