''ਅਕਾਲੀ ਵਿਧਾਇਕਾਂ'' ਖ਼ਿਲਾਫ਼ FIR ਦਰਜ ਕਰਵਾਏਗਾ ''ਹਰਿਆਣਾ'', ਜਾਣੋ ਕੀ ਹੈ ਪੂਰਾ ਮਾਮਲਾ

Saturday, Mar 13, 2021 - 01:08 PM (IST)

''ਅਕਾਲੀ ਵਿਧਾਇਕਾਂ'' ਖ਼ਿਲਾਫ਼ FIR ਦਰਜ ਕਰਵਾਏਗਾ ''ਹਰਿਆਣਾ'', ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ (ਧਰਣੀ) : ਵਿਧਾਨ ਸਭਾ ਕੰਪਲੈਕਸ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਘਿਰਾਓ ਕਰਨ ਅਤੇ ਅਭੱਦਰ ਵਰਤਾਓ ਕਰਨ ਵਾਲੇ ਪੰਜਾਬ ਦੇ ਅਕਾਲੀ ਵਿਧਾਇਕਾਂ ਖ਼ਿਲਾਫ਼ ਹਰਿਆਣਾ ਵਿਧਾਨ ਸਭਾ ਸਕੱਤਰੇਤ ਐਫ. ਆਈ. ਆਰ. ਦਰਜ ਕਰਵਾਏਗਾ। ਇਸ ਦੌਰਾਨ ਸੁਰੱਖਿਆ 'ਚ ਲਾਪਰਵਾਹੀ ਵਰਤਣ ਵਾਲੇ ਪੁਲਸ ਅਧਿਕਾਰੀਆਂ 'ਤੇ ਵੀ ਗਾਜ਼ ਡਿਗ ਸਕਦੀ ਹੈ। ਮਾਮਲੇ ਦੀ ਜਾਂਚ ਲਈ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਸ਼ੁੱਕਰਵਾਰ ਨੂੰ ਹਰਿਆਣਾ ਗ੍ਰਹਿ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਜਨਰਲ ਸਕੱਤਰ ਅਰੁਣ ਗੁਪਤਾ, ਡੀ. ਜੀ. ਪੀ. ਮਨੋਜ ਯਾਦਵ ਸਮੇਤ ਪੁਲਸ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ।

ਇਹ ਵੀ ਪੜ੍ਹੋ : ਜਿਸ ਪੁੱਤ ਦੀ ਸਲਾਮਤੀ ਲਈ ਸਦਾ ਮੰਗੀਆਂ ਦੁਆਵਾਂ, ਉਸੇ ਨੇ ਬੇਰਹਿਮੀ ਨਾਲ ਕਤਲ ਕੀਤੀ 'ਮਾਂ'

ਇਹ ਜਾਂਚ ਦੋਹਾਂ ਸੂਬਿਆਂ ਅਤੇ ਯੂ. ਟੀ. ਚੰਡੀਗੜ੍ਹ ਦੇ ਅਧਿਕਾਰੀਆਂ ਦੀ ਸਾਂਝੀ ਕਮੇਟੀ ਕਰੇਗੀ। ਇਸ ਸਬੰਧੀ ਸ਼ੁੱਕਰਵਾਰ ਨੂੰ ਬੈਠਕ ਬੁਲਾਈ ਗਈ, ਜਿਸ 'ਚ ਖ਼ੁਲਾਸਾ ਹੋਇਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪ੍ਰਤੀ ਅਭੱਦਰ ਵਰਤਾਓ ਪੰਜਾਬ ਦੇ ਵਿਧਾਇਕਾਂ ਦੀ ਪਹਿਲਾਂ ਤੋਂ ਘੜੀ ਹੋਈ ਸਾਜਿਸ਼ ਦਾ ਹਿੱਸਾ ਸੀ। ਇਸ ਦੇ ਲਈ ਪੰਜਾਬ ਦੇ ਵਿਧਾਇਕ ਕਰੀਬ 3 ਘੰਟੇ ਤੱਕ ਵਿਧਾਨ ਸਭਾ ਕੰਪਲੈਕਸ 'ਚ ਰੁਕੇ ਰਹੇ ਅਤੇ ਮੁੱਖ ਮੰਤਰੀ ਦੇ ਬਾਹਰ ਨਿਕਲਣ ਦੀ ਉਡੀਕ ਕਰਦੇ ਰਹੇ। ਬੈਠਕ 'ਚ ਮੌਜੂਦ ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਸ ਦਿਨ ਬਜਟ ਇਜਲਾਸ ਦਾ ਆਖ਼ਰੀ ਦਿਨ ਸੀ, ਜਿਸ ਦੀ ਕਾਰਵਾਈ 3.30 ਵਜੇ ਸੰਪੰਨ ਹੋ ਗਈ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਹੁਣ 'ਡਰੱਗ ਸਟੋਰ' ਲਈ ਅਪਲਾਈ ਕਰ ਸਕਣਗੇ 'ਰਜਿਸਟਰਡ ਫਾਰਮਾਸਿਸਟ'

ਇਸ ਤੋਂ ਬਾਅਦ ਵਿਧਾਇਕ ਕੰਪਲੈਕਸ 'ਚ ਹੀ ਰੁਕੇ। ਉਨ੍ਹਾਂ ਵੱਲੋਂ ਵਿਰੋਧ ਕਰਨ ਦੀ ਭਣਕ ਹਰਿਆਣਾ ਵਿਧਾਨ ਸਭਾ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਲੱਗ ਗਈ ਸੀ। ਹਰਿਆਣਾ ਨੇ ਸਾਵਧਾਨੀ ਦੇ ਤੌਰ 'ਤੇ ਸਦਨ ਵੱਲੋਂ ਰੈਂਪ ਦੇ ਰਸਤੇ 'ਚ ਸੁਰੱਖਿਆ ਵਧਾ ਦਿੱਤੀ ਸੀ। ਇਸੇ ਦੌਰਾਨ ਪੰਜਾਬ ਦੇ ਵਿਧਾਇਕ ਆਪਣੇ ਵਾਹਨਾਂ 'ਚ ਜਾ ਕੇ ਬੈਠ ਗਏ। ਯੋਜਨਾ ਮੁਤਾਬਕ ਉਹ ਵਾਹਨਾਂ 'ਚੋਂ ਉਦੋਂ ਹੀ ਨਿਕਲੇ, ਜਦੋਂ ਸ਼ਾਮ 6 ਵਜੇ ਮਨੋਹਰ ਲਾਲ ਗੇਟ 'ਤੇ ਮੀਡੀਆ ਨਾਲ ਗੱਲ ਕਰ ਰਹੇ ਸਨ। ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਬੈਠਕ 'ਚ ਮੌਜੂਦ ਸੀ. ਆਈ. ਡੀ. ਵਿੰਗ ਦੇ ਅਧਿਕਾਰੀਆਂ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਉਹ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਨਹੀਂ ਸਮਝ ਪਾਏ। ਉਨ੍ਹਾਂ ਨੂੰ ਸਮਾਂ ਰਹਿੰਦੇ ਇਸ ਸਬੰਧੀ ਸੂਚਨਾ ਦੇਣੀ ਚਾਹੀਦੀ ਸੀ, ਜਿਸ ਨਾਲ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਲਈ ਉੱਚਿਤ ਪ੍ਰਬੰਧ ਕੀਤੇ ਜਾ ਸਕਦੇ। ਪੁਲਸ ਅਧਿਕਾਰੀਆਂ ਨੇ ਵਿਧਾਨ ਸਭਾ ਸਪੀਕਰ ਨੂੰ ਜਾਣਕਾਰੀ ਦਿੱਤੀ ਕਿ ਭਵਨ 'ਚ 7 ਅਜਿਹੇ ਰਸਤੇ ਹਨ, ਜੋ ਪੰਜਾਬ ਅਤੇ ਹਰਿਆਣਾ ਦੇ ਖੇਤਰਾਂ ਨੂੰ ਆਪਸ 'ਚ ਜੋੜਦੇ ਹਨ। ਅਜਿਹੇ 'ਚ ਦੋਹਾਂ ਵਿਧਾਨ ਮੰਡਲਾਂ ਦੇ ਮੈਂਬਰਾਂ ਨੂੰ ਇਕ-ਦੂਜੇ ਵੱਲ ਆਉਣ-ਜਾਣ ਤੋਂ ਰੋਕਣਾ ਮੁਸ਼ਕਲ ਕੰਮ ਹੁੰਦਾ ਹੈ। ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਭਵਿੱਖ ਦੇ ਇਜਲਾਸਾਂ ਲਈ ਐਸ. ਓ. ਪੀ. ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ 'ਵਾਹਨ ਮਾਲਕਾਂ' ਲਈ ਚੰਗੀ ਖ਼ਬਰ, ਸਰਕਾਰ ਨੇ ਦਿੱਤੀ ਇਹ ਰਾਹਤ
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਵਿਧਾਨ ਸਭਾ ਕੰਪਲੈਕਸ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਪੰਜਾਬ ਦੇ ਵਿਧਾਇਕਾਂ ਨੇ ਘਿਰਾਓ ਦੀ ਕੋਸ਼ਿਸ਼ ਕੀਤੀ ਸੀ। ਇਸ 'ਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਸਖ਼ਤ ਇਤਰਾਜ਼ ਜ਼ਾਹਰ ਕਰਦੇ ਹੋਏ ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਗੱਲ ਕੀਤੀ ਸੀ। ਗੁਪਤਾ ਨੇ ਚਿੱਠੀ ਲਿਖ ਕੇ ਇਸ ਮਾਮਲੇ 'ਚ ਸਖ਼ਤ ਨੋਟਿਸ ਲੈਣ ਦੀ ਵੀ ਅਪੀਲ ਕੀਤੀ ਸੀ। ਇਸ 'ਤੇ ਰਾਣਾ ਕੇ. ਪੀ. ਸਿੰਘ ਨੇ ਅਫ਼ੋਸਸ ਜ਼ਾਹਰ ਕਰਦੇ ਹੋਏ ਭਵਿੱਖ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News