ਮਜੀਠੀਆ ''ਤੇ FIR ਦਰਜ ਹੋਣ ਮਗਰੋਂ ਅਕਾਲੀ ਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕਹੀਆਂ ਵੱਡੀਆਂ ਗੱਲਾਂ
Tuesday, Dec 21, 2021 - 10:51 AM (IST)
 
            
            ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਐੱਨ. ਡੀ. ਪੀ. ਐੱਸ. ਮਾਮਲੇ ਤਹਿਤ ਦਰਜ ਕੀਤੀ ਐੱਫ. ਆਈ. ਆਰ ਬਾਰੇ ਅਕਾਲੀ ਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਐੱਨ. ਕੇ. ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ 'ਚ ਲਗਾਤਾਰ ਅੰਦਰੂਨੀ ਖਿੱਚੋਤਾਣ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਅਕਾਲੀ ਦਲ ਪਿਛਲੇ ਸਾਢੇ 4 ਸਾਲਾਂ ਤੋਂ ਜਨਤਾ ਦੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ FIR ਦਰਜ
ਐੱਨ. ਕੇ. ਸ਼ਰਮਾ ਨੇ ਕਿਹਾ ਕਿ ਹੁਣ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਕਾਂਗਰਸ ਨੂੰ ਇਸ ਗੱਲ ਦੀ ਤਕਲੀਫ਼ ਹੈ, ਇਸੇ ਲਈ ਕਾਂਗਰਸ ਸਾਡੇ ਆਗੂਆਂ 'ਤੇ ਪਰਚੇ ਦਰਜ ਕਰਕੇ ਸਾਡੀ ਚੱਲ ਰਹੀ ਮੁਹਿੰਮ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੁਭਾਵਿਕ ਹੈ ਅਤੇ ਪਰਚੇ ਇਕ ਆਗੂ 'ਤੇ ਨਹੀਂ, ਸਗੋਂ ਸਾਰਿਆਂ 'ਤੇ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਇਕੱਠੇ ਹੋ ਕੇ ਸਾਡੇ ਖ਼ਿਲਾਫ਼ ਲੜ ਰਹੇ ਹਨ, ਜਦੋਂ ਕਿ ਪੰਜਾਬ 'ਚ ਕਾਂਗਰਸ ਪਾਰਟੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੈਪਟਨ ਤੋਂ ਬਾਅਦ 7 ਹੋਰ ਵੱਡੇ ਕਾਂਗਰਸੀ ਛੱਡਣਗੇ ਪਾਰਟੀ, ਭਾਜਪਾ 'ਚ ਹੋਵੇਗੀ ਐਂਟਰੀ
ਉਨ੍ਹਾਂ ਕਿਹਾ ਕਿ ਜਦੋਂ ਤਿੰਨ-ਤਿੰਨ ਸਰਕਾਰਾਂ ਖ਼ਿਲਾਫ਼ ਲੜਨਾ ਹੋਵੇ ਤਾਂ ਅਜਿਹੇ ਪਰਚੇ ਦਰਜ ਹੋਣੇ ਸੁਭਾਵਿਕ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਦੇ ਵੀ ਇਹੋ ਜਿਹੇ ਪਰਚਿਆਂ ਤੋਂ ਡਰਨ ਵਾਲੀ ਪਾਰਟੀ ਨਹੀਂ ਹੈ। ਐੱਨ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ, ਭਾਵੇਂ ਬਾਦਲਾਂ 'ਤੇ ਜਾਂ ਲੀਡਰਾਂ 'ਤੇ ਪਰਚੇ ਦਰਜ ਹੋ ਜਾਣ। ਉਨ੍ਹਾਂ ਕਿਹਾ ਕਿ ਝੂਠੇ ਪਰਚੇ ਦਰਜ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਫ਼ਸਰਾਂ ਨੂੰ ਕਈ ਤਰ੍ਹਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਲੋਕ ਪੰਜਾਬ 'ਚੋਂ ਕਾਂਗਰਸ ਨੂੰ ਬਾਹਰ ਦਾ ਰਾਹ ਦਿਖਾ ਦੇਣਗੇ। ਐੱਨ. ਕੇ. ਸ਼ਰਮਾ ਨੇ ਕਿਹਾ ਕਿ ਅੱਜ ਅਕਾਲੀ ਦਲ ਦੀ ਮੁਹਿੰਮ ਲੋਕ ਲਹਿਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕੋ-ਇੱਕ ਪੰਜਾਬੀਆਂ ਦੀ ਪਾਰਟੀ ਹੈ ਅਤੇ ਪੰਜਾਬ ਦੇ ਲੋਕ ਸਾਡੇ ਨਾਲ ਖੜ੍ਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            