ਦਲਿਤ ਪਰਿਵਾਰਾਂ ਨੂੰ ਪਲਾਟ ਅਲਾਟ ਕਰਨ ਦਾ ਮਾਮਲਾ ਪੁੱਜਾ ਐੱਸ. ਸੀ. ਕਮਿਸ਼ਨ ਕੋਲ
Sunday, Jun 11, 2017 - 01:28 PM (IST)
ਪੱਟੀ, (ਪਾਠਕ) - ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਅਕਾਲੀ ਸਰਕਾਰ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਯਤਨਾਂ ਸਦਕਾ ਤਹਿਸੀਲ ਪੱਟੀ ਦੇ ਪਿੰਡ ਨੱਥੂਚੱਕ ਦੇ 52 ਪਰਿਵਾਰਾਂ ਨੂੰ ਮਕਾਨ ਬਣਾਉਣ ਲਈ 5-5 ਮਰਲੇ ਦੇ ਪਲਾਟ ਅਲਾਟ ਕੀਤੇ ਗਏ ਸਨ ਪਰ ਹੁਣ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਣ ਕਰ ਕੇ ਦਲਿਤ ਪਰਿਵਾਰਾਂ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾ ਰਿਹਾ। ਇਹ ਗੱਲ ਕੁਲਵੰਤ ਸਿੰਘ ਪੁੱਤਰ ਜੋਗਾ ਸਿੰਘ ਤੇ ਸੁਖਦੇਵ ਸਿੰਘ ਪੁਤਰ ਬਗੀਚਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਹੀ।
ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜਦੋਂ ਸਾਨੂੰ ਪਲਾਟਾਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਗਿਆ ਤਾਂ ਅਸੀਂ ਇਸ ਸਬੰਧੀ ਐੱਸ. ਸੀ. ਕਮਿਸ਼ਨ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ, ਜਿਸ 'ਤੇ ਕਮਿਸ਼ਨ ਵੱਲੋਂ ਇਸ ਦਾ ਨੋਟਿਸ ਲੈਂਦੇ ਹੋਏ ਡੀ. ਸੀ. ਤੇ ਐੱਸ. ਐੱਸ. ਪੀ. ਤਰਨਤਾਰਨ ਨੂੰ 14 ਜੂਨ 3.30 ਸ਼ਾਮ ਨੂੰ ਪੇਸ਼ ਹੋ ਕੇ ਇਸ ਕੇਸ ਸਬੰਧੀ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਨਾਲ ਇਨਸਾਫ ਕਰੇ ਤੇ ਸਾਨੂੰ ਪਿਛਲੀ ਸਰਕਾਰ ਵੱਲੋਂ ਅਲਾਟ ਕੀਤੇ ਗਏ ਪਲਾਟਾਂ ਦਾ ਕਬਜ਼ਾ ਦਿਵਾਵੇ।
ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਬੁਲਾਰੇ ਬਲਜਿੰਦਰ ਸਿੰਘ ਮੈਂਬਰ ਲੋਕਲ ਗੁਰਦੁਆਰਾ ਕਮੇਟੀ ਨੇ ਦੱਸਿਆ ਕਿ ਦਲਿਤ ਪਰਿਵਾਰ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੰਦੇ ਹਨ। ਅਸੀਂ ਇਸ ਸਬੰਧੀ 5 ਜਨਵਰੀ 2017 ਨੂੰ ਹੀ ਪੱਟੀ ਅਦਾਲਤ 'ਚ ਕੇਸ ਦਰਜ ਕਰ ਦਿੱਤਾ ਸੀ। ਪਹਿਲਾਂ ਇਹ ਖਸਰਾ ਨੰ. 13/1,13/2 'ਤੇ ਕਬਜ਼ਾ ਕਰਨ ਲੱਗੇ ਸਨ ਪਰ ਉਹ ਥਾਂ ਰਿਕਾਰਡ ਅਨੁਸਾਰ ਖੇਡ ਮੈਦਾਨ ਹੈ, ਫਿਰ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕਬਜ਼ਾ ਕਰਨ ਲੱਗੇ ਤਾਂ ਅਸੀਂ ਨਹੀਂ ਕਰਨ ਦਿੱਤਾ। ਇਹ ਲੋਕ ਕਾਂਗਰਸੀ ਆਗੂਆਂ ਨੂੰ ਐਵੇਂ ਹੀ ਬਦਨਾਮ ਕਰ ਰਹੇ ਹਨ।
