ਅਕਾਲੀ ਦਲ ਦੱਸੇ ਕਿ ਆਪਣੀ ਸਰਕਾਰ ਸਮੇਂ ਕਰਜ਼ਾ ਮੁਆਫ਼ੀ ਲਈ ਕੀ ਕੀਤਾ: ਜਾਖੜ

Saturday, Jan 13, 2018 - 02:09 AM (IST)

ਚੰਡੀਗੜ੍ਹ (ਭੁੱਲਰ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸਨੇ ਕਿਸਾਨੀ ਕਰਜਿਆਂ ਦੀ ਮਾਫੀ ਲਈ ਕੀ ਕੀਤਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਅਕਾਲੀ ਭਾਜਪਾ ਆਗੂਆਂ ਦਾ ਵਫ਼ਦ ਲੈ ਕੇ ਅੱਜ ਕੈਪਟਨ ਸਰਕਾਰ ਖਿਲਾਫ਼ ਗਵਰਨਰ ਨੂੰ ਦਿੱਤੇ ਗਏ ਮੈਮੋਰੰਡਮ ਤੋਂ ਬਾਅਦ ਜਾਰੀ ਪ੍ਰਤੀਕਿਰਿਆ 'ਚ ਜਾਖੜ ਨੇ ਕਿਹਾ ਕਿ ਹੁਣ ਅਕਾਲੀ ਦਲ ਦੇ ਆਗੂ ਰਾਜਪਾਲ ਕੋਲ ਮਿਲ ਕੇ ਕਿਸਾਨੀ ਕਰਜਿਆਂ ਦੀ ਗੱਲ ਕਰ ਰਹੇ ਹਨ ਜਦਕਿ ਉਨ੍ਹਾਂ ਦੀ ਆਪਣੀ ਸਰਕਾਰ ਸੀ ਤਾਂ ਉਨ੍ਹਾਂ ਕਿਸਾਨਾਂ ਲਈ ਕੁਝ ਨਹੀਂ ਕੀਤਾ।
ਜਾਖੜ ਨੇ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਰਾਜਪਾਲ ਨੂੰ ਮਿਲਣ ਦੀ ਬਜਾਏ ਆਪਣੀ ਭਾਈਵਾਲ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਸਾਨੀ ਕਰਜੇ ਮਾਫੀ ਲਈ ਮਦਦ ਕਿਉਂ ਨਹੀਂ ਮੰਗ ਲੈਂਦੇ। ਜਾਖੜ ਨੇ ਅਕਾਲੀ ਰਾਜ ਵੇਲੇ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਮਾਰਚ 2016 ਵਿਚ 'ਪੰਜਾਬ ਸੈਟਲਮੈਂਟ ਆਫ ਐਗਰੀਕਲਚਰ ਇਨਡੈਬਟਨੈਸ ਬਿੱਲ 2016' ਪਾਸ ਕੀਤਾ ਸੀ ਪਰ ਬਿੱਲ ਪਾਸ ਕਰਨ ਤੋਂ ਬਾਅਦ ਇਹ ਸਰਕਾਰ ਪੂਰੀ ਤਰ੍ਹਾਂ ਨਾਲ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਅਤੇ ਜ਼ਿਲਾਂ ਅਤੇ ਰਾਜ ਪੱਧਰ ਤੇ ਬਣਨ ਵਾਲੇ ਕਰਜਾ ਨਿਪਟਾਰਾ ਟ੍ਰਿਬਿਊਨਲਾਂ ਦੇ ਗਠਨ ਲਈ ਕੁਝ ਨਹੀਂ ਕੀਤਾ। ਛੇ ਮਹੀਨੇ ਬਾਅਦ ਸੰਤਬਰ 2016 ਵਿਚ 22 ਵਿਚੋਂ ਕੇਵਲ 5 ਜ਼ਿਲਿਆਂ ਵਿਚ ਜ਼ਿਲਾ ਟ੍ਰਿਬਿਊਨਲ ਦੇ ਚੇਅਰਮੈਨ ਲਾਏ ਪਰ ਨਾ ਤਾਂ ਉਨ੍ਹਾਂ ਨੂੰ ਕੋਈ ਸਟਾਫ ਦਿੱਤਾ ਤੇ ਨਾ ਹੀ ਇਸ ਸਬੰਧੀ ਹੋਰ ਕੋਈ ਪ੍ਰਕ੍ਰਿਆ ਅੱਗੇ ਤੋਰੀ। 
ਉਨ੍ਹਾਂ ਕਿਹਾ ਕਿ ਇਸ ਤੋਂ ਅਕਾਲੀ ਦਲ ਦੀ ਆਪਣੀ ਕਿਸਾਨੀ ਕਰਜੇ ਬਾਰੇ ਪਹੁੰਚ ਦਾ ਪਤਾ ਲੱਗਦਾ ਹੈ ਕਿ ਅਕਾਲੀ ਦਲ ਦੇ ਆਗੂ ਕਿਸਾਨਾਂ ਨੂੰ ਇਕ ਵੋਟ ਬੈਂਕ ਤੋਂ ਵੱਧ ਕੁਝ ਨਹੀਂ ਸਮਝਦੇ ਅਤੇ ਕਿਸਾਨਾਂ ਦੇ ਨਾਂਅ ਤੇ ਆਪਣੀ ਸਿਆਸਤ ਚਮਕਾਉਣ ਵਾਲਿਆਂ ਨੇ ਅਸਲ ਵਿਚ ਕਿਸਾਨਾਂ ਲਈ ਆਪਣੀ ਸਰਕਾਰ ਵੇਲੇ ਕੁਝ ਨਹੀਂ ਕੀਤਾ। ਜਾਖੜ ਨੇ ਹੋਰ ਕਿਹਾ ਕਿ ਬੇਅਦਬੀ ਦੀਆਂ ਦੁਖੱਦਾਈ ਘਟਨਾਵਾਂ ਦੀ ਜਾਂਚ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕਮਿਸ਼ਨ ਦੀ ਰਿਪੋਟ ਆਉਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਪਤਾ ਨਹੀਂ ਕਿਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਇਸਦੇ ਆਗੂ ਹੁਣ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਹੁਣ ਜਦ ਕੋਈ ਮੁੱਦਾ ਨਹੀਂ ਬਚਿਆ ਹੈ ਤਾਂ ਉਹ ਆਖਰੀ ਗੁਆਚੀ ਸਿਆਸੀ ਸ਼ਾਖ ਬਹਾਲੀ ਲਈ ਨਿਆਂਇਕ ਪ੍ਰਣਾਲੀ ਤੇ ਵੀ ਸਵਾਲ ਚੁੱਕਣ ਵਰਗੇ ਕੋਝੇ ਯਤਨ ਕਰ ਰਿਹਾ ਹੈ।


Related News