ਅਕਾਲੀ ਦਲ ਨੇ ''ਆਪ'' ਸਰਕਾਰ ਵੱਲੋਂ ਇਸ਼ਤਿਹਾਰਾਂ ''ਤੇ ਖਰਚ ਕੀਤੇ ਪੈਸਿਆਂ ਨੂੰ ਲੈ ਕੇ ਦਿੱਤਾ ਅਹਿਮ ਬਿਆਨ

Wednesday, Jun 29, 2022 - 12:08 AM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੇਸ਼ ਭਰ 'ਚ ਇਸ਼ਤਿਹਾਰਾਂ ’ਤੇ ਖਰਚ ਕੀਤੇ ਪੈਸਿਆਂ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ ਅਤੇ ਕਿਹਾ ਕਿ ਸਰਕਾਰ ਇਹ ਦਾਅਵਾ ਕਰਕੇ ਸਸਤੀ ਸ਼ੌਹਰਤ ਹਾਸਲ ਕਰਨ ਦਾ ਯਤਨ ਕਰ ਰਹੀ ਹੈ ਕਿ ਉਸ ਨੇ ਕਾਗਜ਼ ਰਹਿਤ ਬਜਟ ਪੇਸ਼ ਕਰਕੇ 21 ਲੱਖ ਰੁਪਏ ਦੀ ਬੱਚਤ ਕੀਤੀ ਹੈ, ਜਦੋਂ ਕਿ ਉਸ ਨੇ ਖੋਖਲੇ ਦਾਅਵਿਆਂ ਬਾਰੇ ਇਸ਼ਤਿਹਾਰਾਂ ’ਤੇ 5 ਕਰੋੜ ਰੁਪਏ ਖਰਚ ਕੀਤੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੀ ਅਵਤਾਰ ਐਵੀਨਿਊ ਕਾਲੋਨੀ 'ਤੇ ਚੱਲਿਆ ਨਿਗਮ ਦਾ ਡੰਡਾ, ਮਾਮਲਾ ਗਰਮਾਇਆ

ਇਥੇ ਜਾਰੀ ਕੀਤੇ ਇਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਵਿੱਤ ਮੰਤਰੀ ਇਹ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਨੇ ਕਾਗਜ਼ ਰਹਿਤ ਬਜਟ ਪੇਸ਼ ਕਰਕੇ 21 ਲੱਖ ਰੁਪਏ ਦੀ ਬੱਚਤ ਕਰ ਲਈ, ਜਦੋਂ ਕਿ ਇਸ ਨੇ ਖਿੱਤੇ ਦੇ ਸਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰਾਂ ਰਾਹੀਂ 5 ਕਰੋੜ ਰੁਪਏ ਬਰਬਾਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਕਾਗਜ਼ ਰਹਿਤ ਬਜਟ ਪੇਸ਼ ਕਰਨ ਨਾਲ 800 ਦਰੱਖਤਾਂ ਦੀ ਬੱਚਤ ਹੋਈ ਹੈ ਪਰ ਅਸਲ 'ਚ 'ਆਪ' ਸਰਕਾਰ ਨੇ ਸਸਤੀ ਸ਼ੌਹਰਤ ਹਾਸਲ ਕਰਨ ਵਾਸਤੇ ਅਖ਼ਬਾਰਾਂ 'ਚ ਪੂਰੇ ਸਫੇ ਦੇ ਇਸ਼ਤਿਹਾਰ ਦੇ ਕੇ ਹਜ਼ਾਰਾਂ ਦਰੱਖਤਾਂ ਦੀ ਕੁਰਬਾਨੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਹਸਪਤਾਲ 'ਚ ਆਪ੍ਰੇਸ਼ਨ ਦੌਰਾਨ ਅਧਿਆਪਕਾ ਦੀ ਹੋਈ ਮੌਤ, ਪੁਲਸ ਨੇ 2 ਡਾਕਟਰ ਲਏ ਹਿਰਾਸਤ 'ਚ

ਭੂੰਦੜ ਨੇ ਮੰਗ ਕੀਤੀ ਕਿ ਸਰਕਾਰ ਵ੍ਹਾਈਟ ਪੇਪਰ ਨੂੰ ਲੈ ਕੇ ਰਿਕਾਰਡ ਦਰੁਸਤ ਕਰੇ। ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਸ ਨੇ ਕਰੋੜਾਂ ਰੁਪਏ ਇਸ਼ਤਿਹਾਬਾਜ਼ੀ ’ਤੇ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਉਪਲਬਧ ਨਵੇਂ ਆਰ.ਟੀ.ਆਈ. ਰਿਕਾਰਡ ਮੁਤਾਬਕ ਇਸ ਨੇ ਸਿਰਫ ਇਕ ਮਹੀਨੇ 'ਚ ਹੀ 24 ਕਰੋੜ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ 3 ਮਹੀਨਿਆਂ ਵਿੱਚ ਇਹ ਇਸ਼ਤਿਹਾਰਬਾਜ਼ੀ ਦਾ ਬਿੱਲ ਇਸ ਨਾਲੋਂ ਦੁੱਗਣੇ ਤੋਂ ਵੱਧ ਹੋਣਾ ਹੈ। ਭੂੰਦੜ ਨੇ ਕਿਹਾ ਕਿ ਵ੍ਹਾਈਟ ਪੇਪਰ 'ਚ ਇਹ ਵੀ ਦੱਸਿਆ ਜਾਣਾ ਸੀ ਕਿ 'ਆਪ' ਸਰਕਾਰ ਨੇ ਦੇਸ਼ ਭਰ ਦੇ ਨਾਲ ਖੇਤਰੀ ਭਾਸ਼ਾਵਾਂ ਦੇ ਦੱਖਣੀ ਭਾਰਤ, ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਸਮੇਤ ਹੋਰ ਇਲਾਕਿਆਂ ਵਿੱਚ ਇਸ਼ਤਿਹਾਰ ਕਿਉਂ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਵ੍ਹਾਈਟ ਪੇਪਰ ਜਾਰੀ ਕਰਨ ਸਮੇਤ ਦਿੱਤੀ ਕਮਿਸ਼ਨ ਤੇ ਰਿਸ਼ਵਤਖੋਰੀ ਦੀ ਜਾਂਚ ਵੀ ਹੋਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਸ ਨੇ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਲਿਆ ਹਿਰਾਸਤ ’ਚ

ਅਕਾਲੀ ਦਲ ਦੇ ਜਨਰਲ ਸਕੱਤਰ ਨੇ ਇਹ ਵੀ ਮੰਗ ਕੀਤੀ ਕਿ 'ਆਪ' ਸਰਕਾਰ ਸੂਬੇ ਦੇ ਬੇਸ਼ਕੀਮਤੀ ਸਰੋਤਾਂ ਨੂੰ ਇਸ਼ਤਿਹਾਰਬਾਜ਼ੀ ’ਤੇ ਬਰਬਾਦ ਨਾ ਕਰੇ ਸਗੋਂ ਇਹ ਪੈਸਾ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਮੇਤ ਹੋਰ ਸਕੀਮਾਂ ’ਤੇ ਖਰਚ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਬੇਸ਼ਕੀਮਤੀ ਸਰੋਤ ਆਮ ਆਦਮੀ ਪਾਰਟੀ ਵੱਲੋਂ ਆਪਣੀ ਵਡਿਆਈ ਤੇ ਪ੍ਰਾਪੇਗੰਡੇ ’ਤੇ ਖਰਚ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News