ਅਕਾਲੀ ਦਲ ਨੇ ਨਸ਼ਾ ਸਮੱਗਲਰਾਂ ਵਿਰੁੱਧ ਕੱਢੀ ਰੈਲੀ ਅਤੇ ਫੂਕਿਆ ਪੁਤਲਾ

07/17/2018 3:15:08 AM

ਪੱਟੀ, (ਸੌਰਭ/ ਸੋਢੀ)- ਵਿਧਾਨ ਸਭਾ ਹਲਕਾ ਪੱਟੀ ’ਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਨੌਜਵਾਨ ਪੀਡ਼੍ਹੀ ਨਸ਼ਿਆਂ ’ਚ ਗਲਤਾਨ ਹੋ ਰਹੀ ਹੈ ਤੇ ਨਸ਼ਿਆਂ ਦੀ ਵੱਧ ਡੋਜ਼ ਲੈਣ ਕਾਰਨ ਮੌਤ ਦੇ ਮੂੰਹ ’ਚ ਜਾ ਰਹੀ ਹੈ ਪਰ ਅਫਸੋਸ ਹਲਕੇ ’ਚ ਨਸ਼ਿਆਂ ਨੂੰ ਖਤਮ ਕਰਨ ਅਤੇ ਨਸ਼ੇ ਦੇ ਤਸਕਰਾਂ ਨੂੰ ਜੇਲਾਂ ’ਚ ਭੇਜਣ ਦੀ ਬਜਾਏ ਹਲਕਾ ਵਿਧਾਇਕ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਮਨਸੂਬੇ ਤਹਿਤ ਪਿੰਡਾਂ ’ਚ ਨਸ਼ਿਆਂ ਵਿਰੁੱਧ ਰੋਸ ਰੈਲੀਆਂ ਕੱਢ ਰਿਹਾ ਹੈ, ਜਿਸ ਦਾ ਕੰਮ ਸੀ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਨੇ ਕਿ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਕੇ ਜੇਲਾਂ ’ਚ ਬੰਦ ਕਰੋ ਪਰ ਹਲਕੇ ਅੰਦਰ ਸਭ ਕੁਝ ਉਲਟਾ ਹੋ ਰਿਹਾ ਹੈ ਤੇ ਜੋ ਵੀ ਸੋਸ਼ਲ ਮੀਡੀਆ ਜਾਂ ਹੋਰ ਸਾਧਨਾਂ ਰਾਹੀਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ ਉਸ ਵਿਰੁੱਧ ਹੀ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਨਸ਼ਿਆਂ ਦੇ ਵਿਰੋਧ ’ਚ ਰੈਲੀ ਕੱਢਣ ਦੇ ਹੁਕਮਾਂ ਤਹਿਤ ਸ਼ਹਿਰ ਪੱਟੀ ’ਚ ਕੱਢੀ ਗਈ ਰੋਸ ਰੈਲੀ, ਨਸ਼ਿਆਂ ਦੇ ਤਸਕਰਾਂ ਦਾ ਪੁਤਲਾ ਫੂਕਣ ਅਤੇ ਐੱਸ.ਡੀ.ਐੱਮ. ਦਫਤਰ  ਵਿਖੇ ਦਿੱਤੇ ਗਏ ਮੈਮੋਰੰਡਮ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ, ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ, ਸਾਬਕਾ ਡਾਇਰੈਕਟਰ ਛਤਰਪਾਲ ਸਿੰਘ ਦੁਬਲੀ ਤੇ ਕੌਂਸਲਰ ਕੰਵਲਜੀਤ ਸਿੰਘ ਗਿੱਲ ਨੇ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਿਸ ਨੇ ਚਾਰ ਹਫ਼ਤਿਆਂ ’ਚ ਨਸ਼ਾ ਮੁਕਤ ਪੰਜਾਬ ਕਰਨ ਦੇ ਵੋਟਰਾਂ ਨਾਲ ਵਾਅਦੇ ਕੀਤੇ ਸਨ ਉਸ ਕਾਂਗਰਸ ਸਰਕਾਰ ਦੇ ਰਾਜ ’ਚ ਹੀ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਹਨ, ਨਸ਼ੇ ਦੇ ਤਸਕਰਾਂ ਨੂੰ ਸਿਆਸੀ ਛਤਰੀਆਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਕੇ ਜੇਲਾਂ ’ਚ ਬੰਦ ਕੀਤਾ ਜਾ ਰਿਹਾ ਹੈ , ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਨਾਕਾਮ ਹੋ ਚੁੱਕੀ ਹੈ ਪਰ ਅਕਾਲੀ ਦਲ ਜੋ ਪੰਜਾਬ ਨਿਵਾਸੀਆਂ ਦੀ ਹਮਦਰਦ ਪਾਰਟੀ ਹੈ ਉਹ ਹੁਣ ਨਸ਼ਿਆਂ ਵਿਰੁੱਧ ਪ੍ਰਚਾਰ ਕਰਕੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਵੱਡੇ ਪੱਧਰ ’ਤੇ ਉਪਰਾਲੇ ਕਰੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰਕ ਮੈਂਬਰ ਸੁਖਵਰਸ ਸਿੰਘ ਪੰਨੂੰ ਨੇ ਕਿਹਾ ਕਿ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦੇ ਮੁਫ਼ਤ ਇਲਾਜ ਲਈ ਸ਼੍ਰੋਮਣੀ ਕਮੇਟੀ ਗੁਰੂ ਰਾਮਦਾਸ ਹਸਪਤਾਲ ਪਿੰਡ ਵੱਲਾ ਵਿਖੇ ਵੱਖਰੀ ਵਾਰਡ ਬਣਾ ਰਹੀ ਹੈ ਤਾਂ ਕਿ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਪਰੋਕਤ ਆਗੂਆਂ ਨੇ ਹਲਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਸਰਕਾਰ ਹਲਕੇ ਨੂੰ ਨਸ਼ਾ ਮੁਕਤ ਕਰਨ ’ਚ ਨਾਕਾਮਯਾਬ ਹੋ ਚੁੱਕੀ ਹੈ ਤੇ ਹੁਣ ਆਪਾਂ ਸਾਰੇ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਪ੍ਰਚਾਰ ਕਰਕੇ ਹਲਕੇ ਨੂੰ ਨਸ਼ਾ ਮੁਕਤ ਕਰੀਏ। ਇਸ ਮੌਕੇ ਕੌਂਸਲਰ ਅਮਰੀਕ ਸਿੰਘ ਭੁੱਲਰ, ਭੁਪਿੰਦਰ ਸਿੰਘ ਮਿੰਟੂ ਮਾਹੀ ਰਿਜ਼ੋਰਟ ਵਾਲੇ, ਸੁਖਚੈਨ ਸਿੰਘ ਮਨਿਹਾਲਾ, ਐਡਵੋਕੇਟ ਤੇਜਪਾਲ ਵੋਹਰਾ, ਲਖਬੀਰ ਸਿੰਘ ਲੁਹਾਰੀਆ, ਬਲਜਿੰਦਰ ਸਿੰਘ ਬਾਠ, ਰਾਜਬੀਰ ਸਿੰਘ ਪੰਨੂੰ, ਸੁਰਿੰਦਰਪਾਲ ਸਿੰਘ ਸੋਨੂੰ, ਵਿਕਰਮਜੀਤ ਸਿੰਘ ਵਿੱਕੀ, ਦੀਪਕ ਚੌਧਰੀ, ਸੁੱਖ ਬੱਠੇ ਭੈਣੀ, ਰਜਿੰਦਰ ਸਿੰਘ ਕੇ.ਪੀ., ਅਮਰਜੀਤ ਸਿੰਘ ਐੱਚ.ਕੇ., ਜਗਜੀਤ ਸਿੰਘ ਮੰਡ, ਸਰਪੰਚ ਯੂਨਿਸ ਸਿੰਘ, ਜਗਤਾਰ ਸਿੰਘ ਚੂਸਲੇਵਡ਼, ਡਾ. ਰਸਾਲ ਸਿੰਘ ਖਹਿਰਾ, ਰਾਜਨਪ੍ਰੀਤ ਸਿੰਘ, ਵਿਕਾਸ ਮਿੰਟਾ, ਪ੍ਰਿੰਸ ਭਾਟੀਆ, ਅਜੈ ਪ੍ਰਧਾਨ, ਡਾ. ਜਗਤਾਰ ਸਿੰਘ ਬੇਦੀ, ਅਰਸ਼ ਭਾਟੀਆ, ਵਿਨੋਦ ਖੰਨਾ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ, ਮਨਦੀਪ ਸਿੰਘ ਮਿੰਟੂ, ਵੱਸਣ ਸਿੰਘ, ਪ੍ਰਗਟ ਸਿੰਘ, ਬਲਵਿੰਦਰ ਸਿੰਘ ਚੱਕਵਾਲੀਆ, ਸੁਦਰਸ਼ਨ ਕੁਮਾਰੀ ਆਦਿ ਮੌਜੂਦ ਸਨ।
 


Related News