ਨਕਲੀ ਸ਼ਰਾਬ ਮਾਮਲਾ : ਆਜ਼ਾਦੀ ਦਿਹਾੜੇ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਵੱਡੇ ਪ੍ਰਦਰਸ਼ਨ ਦਾ ਐਲਾਨ
Tuesday, Aug 11, 2020 - 03:32 PM (IST)
ਖੰਨਾ (ਬਿਪਨ) : ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਕੋਟਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਅਹਿਮ ਮੀਟਿੰਗ ਚਾਰ ਹਲਕਿਆਂ ਖੰਨਾ, ਸਮਰਾਲਾ, ਪਾਇਲ ਅਤੇ ਸਾਹਨੇਵਾਲ ਦੇ ਸੀਨੀਅਰ ਨੇਤਾ ਤੇ ਸਰਕਲ ਪ੍ਰਧਾਨਾਂ ਮੁੱਖ ਆਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਰਘਬੀਰ ਸਿੰਘ ਸਹਾਰਨ ਮਾਜਰਾ ਦੀ ਅਗਵਾਈ 'ਚ ਹੋਈ। ਇਸ ਮੀਟਿੰਗ 'ਚ ਮੁੱਖ ਮਹਿਮਾਨ ਵੱਜੋਂ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੋਹਣ ਸਿੰਘ ਠੰਡਲ ਉਚੇਚੇ ਤੌਰ 'ਤੇ ਪਹੁੰਚੇ।
ਇਸ ਮੀਟਿੰਗ ਦਾ ਮੁੱਖ ਏਜੰਡਾ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਪੰਜਾਬ ਦੇ ਅੰਦਰ ਜ਼ਹਿਰੀਲੀ ਸ਼ਰਾਬ ਦੀਆਂ ਫੈਕਟਰੀਆਂ ਚਲਾ ਕੇ ਅੱਜ ਪੰਜਾਬ ਦੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਖਿਲਾਫ਼ ਸੀ। ਇਸ ਸ਼ਰਾਬ ਮਾਫ਼ੀਆ ਦੇ ਮੁੱਖ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਕਾਲੀ ਦਲ ਵੱਲੋਂ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ 14 ਅਗਸਤ ਖੰਨਾ 'ਚ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਸ਼ਰਨਜੀਤ ਢਿੱਲੋਂ ਨੇ ਦੱਸਿਆ ਕਿ ਇਸ ਧਰਨੇ ਪ੍ਰਦਰਸ਼ਨ ਦੀ ਪ੍ਰਧਾਨਗੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਉਚੇਚੇ ਤੌਰ 'ਤੇ ਆ ਰਹੇ ਹਨ।
ਇਸ ਲਈ ਦੋਹਾਂ ਕੈਬਨਿਟ ਮੰਤਰੀਆਂ ਨੇ 14 ਅਗਸਤ ਦੇ ਇਸ ਵਿਸ਼ਾਲ ਧਰਨੇ ਨੂੰ ਕਾਮਯਾਬ ਬਣਾਉਣ ਲਈ ਚਾਰੇ ਹਲਕਿਆਂ ਦੇ ਸਰਕਲ ਪ੍ਰਧਾਨਾਂ ਅਤੇ ਸੀਨੀਅਰ ਆਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਸਮੇ ਸੰਤਾ ਸਿੰਘ ਹਲਕਾ ਇੰਚਾਰਜ ਸਮਰਾਲਾ,ਈਸਰ ਸਿੰਘ ਮੇਹਰਬਾਨ ਹਲਕਾ ਇੰਚਾਰਜ ਪਾਇਲ ਇਕਬਾਲ ਸਿੰਘ ਸਾਬਕਾ ਪ੍ਰਧਾਨ , ਯਾਦਵਿੰਦਰ ਸਿੰਘ ਯਾਦੂ ਕੋਰ ਕਮੇਟੀ ਮੈਂਬਰ ,ਜੀਤ ਸਿੰਘ ਬੀ ਸੀ ਸੈਲ ਦੇ ਪ੍ਰਧਾਨ ,ਬੂਟਾ ਸਿੰਘ ਰਾਏਪੁਰ ਕੋਡੀਨੇਟਰ , ਜੰਗ ਸਿੰਗ , ਜੱਥੇ ਮੋਹਣ ਸਿੰਘ ਜਟਾਣਾ , ਜਗਜੀਵਨ ਸਿੰਘ ਮਿੰਟਾਂ ਸਰਪੰਚ ਕਿਸਨਗੜ , ਇੰਦਰਪਾਲ ਸਿੰਘ ਕਮਾਲਪੁਰ ਆਦਿ ਤੋਂ ਇਲਾਵਾ ਅਕਾਲੀ ਆਗੂ ਹਾਜ਼ਰ ਹੋਏ।