ਸਿੱਧੂ ਦੇ ਫੰਡਾਂ ''ਚ ਘਪਲੇ ਦੇ ਬਿਆਨ ''ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਦਿੱਤਾ ਖੁੱਲੀ ਬਹਿਸ ਦਾ ਸੱਦਾ

05/20/2017 10:55:00 AM

ਪਟਿਆਲਾ (ਬਲਜਿੰਦਰ, ਪਰਮੀਤ, ਜੋਸਨ)-ਅਕਾਲੀ ਦਲ ਵੱਲੋਂ ਪੁਰਾਣਾ ਜਥੇਬੰਦਕ ਢਾਂਚਾ ਭੰਗ ਕਰ ਕੇ ਨਵਾਂ ਢਾਂਚਾ ਬਣਾਉਣ ਲਈ ਸਮੁੱਚੇ ਵਿਧਾਨ ਸਭਾ ਹਲਕਿਆਂ ਵਿਚ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਅੱਜ ਪਹਿਲੀ ਮੀਟਿੰਗ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪ੍ਰੇਮ ਬਾਗ ਪੈਲੇਸ ਵਿਚ ਹੋਈ। ਇਸ ਵਿਚ ਪਾਰਟੀ ਵੱਲੋਂ ਨਿਯੁਕਤ ਜ਼ਿਲੇ ਦੇ ਆਬਜ਼ਰਵਰ ਤੇ ਸਾਬਕਾ ਵਿੱਤੀ ਮੰਤਰੀ ਪਰਮਿੰਦਰ ਢੀਂਡਸਾ ਅਤੇ ਕੋ-ਆਬਜ਼ਰਵਰ ਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਪਹੁੰਚੇ। ਮੀਟਿੰਗ ਵਿਚ ਪਾਰਟੀ ਆਗੂਆਂ ਤੋਂ ਫੀਡਬੈਕ ਲਈ ਗਈ। ਵਰਕਰਾਂ ਅਤੇ ਆਗੂਆਂ ਨੇ ਖੁੱਲ੍ਹ ਆਪਣੇ ਵਿਚਾਰ ਰੱਖੇ। 
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿੱਤੀ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਫੰਡਾਂ ਦੀ ਵਰਤੋਂ ਬਾਰੇ ਜਿਹੜੇ ਦੋਸ਼ ਲਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਫੰਡਾਂ ਦੀ ਵਰਤੋਂ ਬਾਰੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਬਹਿਸ ਦੀ ਖੁੱਲ੍ਹੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸਮੁੱਚੇ ਕੰਮ ਪਾਰਦਰਸ਼ੀ ਢੰਗ ਨਾਲ ਕੀਤੇ ਗਏ। ਹੁਣ ਤੱਕ ਦਾ ਇਹ ਰਿਕਾਰਡ ਹੈ ਕਿ ਲੋਕ ਭਲਾਈ ਦੀਆਂ ਜਿੰਨੀਆਂ ਸਕੀਮਾਂ ਦਾ ਲਾਭ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਲੋਕਾਂ ਨੂੰ ਦਿੱਤਾ, ਜਿਹੜਾ ਚਹੁ-ਪੱਖੀ ਵਿਕਾਸ ਪੰਜਾਬ ਹੋਇਆ, ਉਸ ਦੇ ਅੰਕੜੇ ਮੂੰਹੋਂ ਬੋਲਦੇ ਹਨ। 
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ 2 ਮਹੀਨੇ ਸਰਕਾਰ ਬਣਨ ਤੋਂ ਬਾਅਦ ਵੀ ਕਾਂਗਰਸੀ ਅਜੇ ਵੀ ਅਕਾਲੀ ਦਲ ਦੀ ਨੁਕਤਾਚੀਨੀ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ 2 ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕਰਨ। ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਨੂੰ ਸਭ ਤੋਂ ਪਹਿਲਾ ਇਹ ਸਮਝਣਾ ਚਾਹੀਦਾ ਹੈ ਕਿ ਉਹ ਸੱਤਾ ਵਿਚ ਹਨ, ਨਾ ਕਿ ਵਿਰੋਧੀ ਧਿਰ ਵਿਚ। ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਾਰਗੁਜ਼ਾਰੀ ਬਾਰੇ ਦੱਸਣ।

Related News