ਗ੍ਰਹਿ ਮੰਤਰੀ ਨੁੰ ਮਿਲੇ ਅਕਾਲੀ, ''ਦੁਰਲੱਭ ਪਾਂਡੂਲਿੱਪੀਆਂ'' ਵਾਪਸ ਕਰਨ ਦੀ ਕੀਤੀ ਅਪੀਲ

06/07/2019 9:09:29 AM

ਚੰਡੀਗੜ੍ਹ (ਅਸ਼ਵਨੀ) : ਸ੍ਰੀ ਹਰਿਮੰਦਰ ਸਾਹਿਬ 'ਚ ਸਾਕਾ ਨੀਲਾ ਤਾਰਾ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਮੌਜੂਦ 'ਸਿੱਖ ਰੈਫਰੈਂਸ ਲਾਈਬ੍ਰੇਰੀ' 'ਚੋਂ ਫੌਜ ਅਧਿਕਾਰੀਆਂ ਵਲੋਂ ਚੁੱਕੀਆਂ ਗਈਆਂ ਪਾਂਡੂਲਿੱਪੀਆਂ ਤੇ ਦਸਤਾਵੇਜ਼ਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਗਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਗਏ ਉੱਚ ਪੱਧਰੀ ਵਫਦ ਨੇ ਗ੍ਰਹਿ ਮੰਤਰੀ ਨੂੰ ਜਾਣੂੰ ਕਰਾਇਆ ਕਿ 1984 'ਚ ਕੀਤੀ ਗਈ ਫੌਜ ਕਾਰਵਾਈ ਦੌਰਾਨ 'ਰੈਫਰੈਂਸ ਲਾਈਬ੍ਰੇਰੀ' ਦਾ ਇਕ ਵੱਡਾ ਹਿੱਸਾ ਤਬਾਹ ਹੋ ਗਿਆ ਸੀ ਅਤੇ ਫੌਜ ਅਧਿਕਾਰੀਆਂ ਨੇ ਬਹੁਤ ਸਾਰੀਆਂ ਦੁਰਲੱਭ ਪਾਂਡੂਲਿੱਪੀਆਂ, ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਅਤੇ ਦਸਤਾਵੇਜ਼ਾਂ ਨੂੰ ਚੁੱਕ ਲਿਆ ਸੀ।

ਉਨ੍ਹਾਂ ਨੇ ਅਮਿਤ ਸ਼ਾਹ ਨੂੰ ਇਹ ਮੁੱਦਾ ਫੌਜ ਅਧਿਕਾਰੀਆਂ ਕੋਲ ਚੁੱਕਣ ਅਤੇ ਇਸ ਦੇ ਉਚਿਤ ਹੱਲ ਦੀ ਅਪੀਲ ਕੀਤੀ। ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਉਸ ਸਮੇਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਫੌਜ ਵਲੋਂ ਸ੍ਰੀ ਦਰਬਾਰ ਸਹਿਬ 'ਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ 'ਚ ਫੌਜ ਦੀ ਸੇਵਾ ਨਿਭਾਅ ਰਹੇ ਸਿੱਖ ਨੌਜਵਾਨ ਭਾਵੁਕ ਹੋ ਕੇ ਆਪਣੀਆਂ ਛਾਉਣੀਆਂ ਛੱਡ ਕੇ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਸਨ। ਉਸ ਸਮੇਂ ਇਨ੍ਹਾਂ ਫੌਜੀਆਂ ਨੂੰ ਫੌਜ ਤੋਂ ਬਰਖਾਸਤ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਬਕਾ ਫੌਜੀਆਂ ਦਾ ਦੁਬਾਰਾ ਪੁਨਰਵਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਫੌਜ ਦੀ ਸੇਵਾ ਲਈ ਪੈਨਸ਼ਨਲ ਸਮੇਤ ਸਾਰੇ ਲਾਭ ਦਿੱਤੇ ਜਾਣੇ ਚਾਹੀਦੇ ਹਨ।


Babita

Content Editor

Related News