ਮੋਦੀ ਦੇ ਇਸ਼ਾਰੇ ’ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਿਹੈ ਅਕਾਲੀ ਦਲ : ਮੀਤ ਹੇਅਰ
Wednesday, Sep 22, 2021 - 09:50 PM (IST)
ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਅਕਾਲੀ ਦਲ ਦੇ ਕਿਸਾਨ ਮੋਰਚੇ ਖ਼ਿਲਾਫ਼ ਬਿਆਨ ਦੇਣ ਦੀ ਸਖਤ ਆਲੋਚਨਾ ਕੀਤੀ ਹੈ। ਹੇਅਰ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਕਹਿਣ ’ਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦੋਸ਼ ਸਿਰਫ ‘ਆਪ’ ਨਹੀਂ ਸਗੋਂ ਖੁਦ ਕਿਸਾਨ ਮੋਰਚੇ ਦੇ ਨੇਤਾ ਵੀ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਕਿਸਾਨਾਂ ਨਾਲ ਉਲਝਣ ਦੀ ਥਾਂ ਉਨ੍ਹਾਂ ਅਤੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦਾ ਦਲੀਲ ਸਮੇਤ ਜਵਾਬ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਕੈਪਟਨ ਦਾ ਸਿੱਧੂ 'ਤੇ ਹਮਲਾ, ਕਿਹਾ- ਡਰਾਮਾ ਮਾਸਟਰ ਨੂੰ ਨਹੀਂ ਬਣਨ ਦਿਆਂਗਾ CM
ਮੀਤ ਹੇਅਰ ਨੇ ਕਿਹਾ ਕਿ ਬਾਦਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੇ ਨਾਲ ਉਨ੍ਹਾਂ ਦਾ ਨਹੁੰ ਮਾਸ ਦਾ ਰਿਸ਼ਤਾ ਅੱਜ ਵੀ ਕਾਇਮ ਹੈ। ਮੀਤ ਹੇਅਰ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੇਵਲ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਲਈ ਸੀ, ਅਸਲ ਵਿਚ ਬਾਦਲ ਪਰਿਵਾਰ ਅੱਜ ਵੀ ਭਾਜਪਾ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦਾ ਦਿਲ ਅੱਜ ਵੀ ਭਾਜਪਾ ਲਈ ਧੜਕਦਾ ਹੈ ਅਤੇ ਬਾਦਲਾਂ ਦੀ ਭਾਜਪਾ ਨਾਲ ਅੰਦਰ ਖਾਤੇ ਮਿਲੀਭੁਗਤ ਹੁਣ ਜਗਜ਼ਾਹਿਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਕਾਂਗਰਸ ਸਪੱਸਟ ਕਰੇ ਚੰਨੀ ਚਿਹਰਾ ਹੈ ਜਾਂ ਮੋਹਰਾ : ਚੁੱਘ
ਹੇਅਰ ਨੇ ਕਿਹਾ ਕਿ ਵੱਡੇ ਬਾਦਲ ਦੀ ਖੇਤੀ ਕਾਨੂੰਨਾਂ ਅਤੇ ਮੋਦੀ ਨੂੰ ਲੈ ਕੇ ਖਾਮੋਸ਼ੀ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਅਪ੍ਰਤੱਖ ਰੂਪ ਨਾਲ ਅੱਜ ਵੀ ਜਾਰੀ ਹੈ ਅਤੇ ਚੋਣਾਂ ਤੋਂ ਬਾਅਦ ਅਕਾਲੀ ਫਿਰ ਤੋਂ ਭਾਜਪਾ ਨਾਲ ਹੱਥ ਮਿਲਾ ਲੈਣਗੇ। ਇਹ ਗੱਲ ਪੰਜਾਬ ਦੇ ਕਿਸਾਨ ਅਤੇ ਜਾਗਰੂਕ ਆਮ ਲੋਕ ਵੀ ਸਮਝਣ ਅਤੇ ਬੋਲਣ ਲੱਗੇ ਹਨ। ‘ਆਪ’ ਨੇਤਾ ਨੇ ਕਿਹਾ ਕਿ ਅਕਾਲੀ ਦਲ ਦੇ ਨੇਤਾਵਾਂ ਨੂੰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਲੀ ਨੀਤੀ ਛੱਡ ਦੇਣੀ ਚਾਹੀਦੀ ਹੈ।