ਅਕਾਲੀ ਦਲ ਸੂਬੇ ਦੇ ਹਿੱਤਾਂ ਨਾਲ ਕਰ ਰਿਹੈ ਗੱਦਾਰੀ : ਜਾਖੜ

06/25/2018 12:36:06 AM

ਚੰਡੀਗੜ੍ਹ (ਅਸ਼ਵਨੀ) - ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਆਖਿਆ ਹੈ ਕਿ ਅਕਾਲੀ ਦਲ ਦੇ ਆਗੂ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਕਰਨ ਦੀ ਬਜਾਏ ਦੇਸ਼ ਵਿਚ ਮਹਿੰਗਾਈ ਫੈਲਾਉਣ ਵਾਲੀ ਮੋਦੀ ਸਰਕਾਰ ਦੇ ਹੱਕ ਵਿਚ ਖੜ੍ਹ ਕੇ ਆਪਣੇ ਹੀ ਸੂਬੇ ਪੰਜਾਬ ਨਾਲ ਗੱਦਾਰੀ ਕਰ ਰਹੇ ਹਨ। ਸੁਨੀਲ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਮੁੱਦੇ 'ਤੇ ਕਈ ਸਵਾਲ ਕਰਦਿਆਂ ਪੁੱਛਿਆ ਹੈ ਕਿ ਕੀ ਬਾਦਲ ਨੂੰ ਆਪਣੇ ਸੂਬੇ ਅਤੇ ਇਸ ਦੇ ਲੋਕਾਂ ਦੀ ਫਿਕਰ ਹੈ ਜਾਂ ਉਨ੍ਹਾਂ ਦਾ ਇਕਮਾਤਰ ਸਿਆਸੀ ਉਦੇਸ਼ ਕੇਂਦਰੀ ਵਜਾਰਤ ਵਿਚ ਇਕ ਕੈਬਨਿਟ ਮੰਤਰੀ ਦੀ ਸੀਟ ਪੱਕੀ ਰੱਖਣਾ ਹੀ ਰਹਿ ਗਿਆ ਹੈ। ਜਾਖੜ ਨੇ ਅਕਾਲੀ ਦਲ ਵੱਲੋਂ ਡੀਜ਼ਲ ਦੀਆਂ ਕੀਮਤਾਂ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਐਲਾਨੇ ਧਰਨੇ ਦੇ ਮੁੱਦੇ 'ਤੇ ਉਲਟਾ ਬਾਦਲ ਨੂੰ ਯਾਦ ਕਰਵਾਇਆ ਕਿ ਜਦ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਸੂਬਾ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ 'ਤੇ ਵੈਟ ਵਿਚ ਕੋਈ ਵਾਧਾ ਨਹੀਂ ਕੀਤਾ ਹੈ ਜਦਕਿ ਅਕਾਲੀ ਦਲ ਦੇ ਭਾਈਵਾਲਾਂ ਦੀ ਮੋਦੀ ਸਰਕਾਰ ਨੇ ਪਿਛਲੇ 4 ਸਾਲਾਂ ਵਿਚ 9 ਵਾਰ ਕੇਂਦਰੀ ਕਰਾਂ ਵਿਚ ਵਾਧਾ ਕਰ ਕੇ ਤੇਲ ਕੀਮਤਾਂ ਵਧਾਈਆਂ ਹਨ। ਜਾਖੜ ਨੇ ਕਿਹਾ ਕਿ ਅਜਿਹੇ ਵਿਚ ਅਕਾਲੀ ਦਲ ਨੂੰ ਪੰਜਾਬ ਵਿਚ ਨਹੀਂ ਬਲਕਿ ਦਿੱਲੀ ਵਿਚ ਐੱਨ. ਡੀ. ਏ. ਸਰਕਾਰ ਖਿਲਾਫ ਧਰਨੇ ਦੇਣੇ ਚਾਹੀਦੇ ਹਨ।
ਜਾਖੜ ਨੇ ਅਕਾਲੀ ਦਲ ਪ੍ਰਧਾਨ ਨੂੰ ਇਸ ਤੱਥ ਦਾ ਜਵਾਬ ਦੇਣ ਲਈ ਵੀ ਕਿਹਾ ਕਿ ਜਦ ਕੇਂਦਰ ਵਿਚ ਮਨਮੋਹਨ ਸਿੰਘ ਸਰਕਾਰ ਸੀ ਤਾਂ 104 ਡਾਲਰ ਪ੍ਰਤੀ ਬੈਰਲ ਕੱਚਾ ਤੇਲ ਖਰੀਦ ਕੇ ਵੀ ਲੋਕਾਂ ਨੂੰ 41 ਰੁਪਏ ਡੀਜ਼ਲ ਦਿੱਤਾ ਜਾ ਰਿਹਾ ਸੀ, ਜਦਕਿ ਹੁਣ 67 ਡਾਲਰ ਪ੍ਰਤੀ ਬੈਰਲ ਕੱਚਾ ਤੇਲ ਖਰੀਦ ਕੇ 69 ਰੁਪਏ ਡੀਜ਼ਲ ਵੇਚਣ ਵਾਲੀ ਸਰਕਾਰ ਬਾਰੇ ਉਨ੍ਹਾਂ ਦੇ ਕੀ ਵਿਚਾਰ ਹਨ। ਉਨ੍ਹਾਂ ਨੇ ਸੁਖਬੀਰ ਬਿੰਘ ਬਾਦਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਪੰਜਾਬ ਵਿਚ ਡੀਜ਼ਲ 'ਤੇ ਜੋ ਵੈਟ ਲਾਗੂ ਹੈ, ਉਹ ਪਿਛਲੀ ਅਕਾਲੀ ਸਰਕਾਰ ਵੱਲੋਂ ਲਾਇਆ ਗਿਆ ਹੈ। ਇਸੇ ਤਰ੍ਹਾਂ ਜਾਖੜ ਨੇ ਕਿਹਾ ਕਿ 2017 ਵਿਚ ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਪੰਜਾਬ 'ਤੇ 31000 ਕਰੋੜ ਦਾ ਕਰਜ਼ਾ ਹੋਰ ਲੈਣ ਦੀ ਪਿਛਲੀ ਆਪਣੀ ਮਜਬੂਰੀ ਵੀ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਦੱਸਣ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੂੰ ਅਜਿਹਾ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਸੀ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ 'ਤੇ ਹਰ ਸੂਬਾ ਸਰਕਾਰ ਦਾ ਹੱਕ ਹੈ, ਕਿਉਂਕਿ ਸਾਰੇ ਸੂਬੇ ਭਾਰਤੀ ਸੰਘ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜਦ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਇਹੀ ਅਕਾਲੀ-ਭਾਜਪਾ ਸਰਕਾਰ ਦੇ ਆਗੂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਗ੍ਰਾਂਟਾਂ ਦੇ ਗੱਫੇ ਲੈ ਕੇ ਆਉਂਦੇ ਸਨ ਪਰ ਹੁਣ ਜਦ ਪੰਜਾਬ ਸਰਕਾਰ ਕੇਂਦਰ ਸਰਕਾਰ ਕੋਲ ਆਪਣੀਆਂ ਮੰਗਾਂ ਲਈ ਜਾਂਦੀ ਹੈ ਤਾਂ ਇਸ ਕੰਮ ਵਿਚ ਅਕਾਲੀ ਦਲ ਅੜਿੱਕਾ ਪਾ ਕੇ ਆਪਣੇ ਪੰਜਾਬ ਨਾਲ ਗੱਦਾਰੀ ਕਰ ਰਿਹਾ ਹੈ।


Related News