ਅਕਾਲੀ ਦਲ ਨੇ ਡਵਾਰਫਿੰਗ ਬੀਮਾਰੀ ਨਾਲ ਝੋਨੇ ਦੇ ਹੋਏ ਨੁਕਸਾਨ ਲਈ CM ਮਾਨ ਤੋਂ ਮੁਆਵਜ਼ੇ ਦੀ ਕੀਤੀ ਮੰਗ

Sunday, Sep 04, 2022 - 10:03 PM (IST)

ਅਕਾਲੀ ਦਲ ਨੇ ਡਵਾਰਫਿੰਗ ਬੀਮਾਰੀ ਨਾਲ ਝੋਨੇ ਦੇ ਹੋਏ ਨੁਕਸਾਨ ਲਈ CM ਮਾਨ ਤੋਂ ਮੁਆਵਜ਼ੇ ਦੀ ਕੀਤੀ ਮੰਗ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦਾ ਡਵਾਰਫਿੰਗ ਬੀਮਾਰੀ ਨਾਲ ਝੋਨੇ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਝੋਨੇ ਦੀ ਫਸਲ ਨੂੰ ਡਵਾਰਫਿੰਗ ਰੋਗ ਦੀ ਮਾਰ ਪੈ ਗਈ ਹੈ, ਜਿਸ ਨਾਲ 20 ਤੋਂ 25 ਫੀਸਦੀ ਫ਼ਸਲ ਖਤਮ ਹੋ ਗਈ ਹੈ ਤੇ ਇਸ ਨਾਲ ਪ੍ਰਤੀ ਏਕੜ ਝਾੜ 10 ਕੁਇੰਟਲ ਘੱਟਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਦਖ਼ਲ ਦੇ ਕੇ ਕਿਸਾਨਾਂ ਨੂੰ ਇਸ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਨੂਰਪੁਰਬੇਦੀ ਇਲਾਕੇ ’ਚ ਡਵਾਰਫਿੰਗ ਬੀਮਾਰੀ ਨੇ ਝੋਨੇ ਦੀ ਫ਼ਸਲ ਤਬਾਹ ਕਰ ਦਿੱਤੀ ਹੈ ਤੇ ਕਿਸਾਨ ਝੋਨੇ ਦੀ ਫਸਲ ਵਾਹੁਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਏਗੀ, ਜਦਕਿ ਕਿਸਾਨ ਪਹਿਲਾਂ ਹੀ ਇਸ ਸਾਲ ਮਾਰਚ ਮਹੀਨੇ ’ਚ ਗਰਮੀ ਪੈਣ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਦੇ ਸਦਮੇ ’ਚੋਂ ਉੱਭਰ ਨਹੀਂ ਸਕੇ।

ਇਹ ਖ਼ਬਰ ਵੀ ਪੜ੍ਹੋ : ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ, ਮਾਹੌਲ ਤਣਾਅਪੂਰਨ

ਉਨ੍ਹਾਂ ਕਿਹਾ ਕਿ ਫਿਰ ਕਿਸਾਨਾਂ ਨੂੰ ਮੂੰਗੀ ਦੀ ਫਸਲ ’ਤੇ ਘਾਟਾ ਪਿਆ ਕਿਉਂਕਿ ਮੁੱਖ ਮੰਤਰੀ ਦੇ ਵਾਅਦਾ ਕਰਨ ਦੇ ਬਾਵਜੂਦ ਐੱਮ. ਐੱਸ. ਪੀ. ਅਨੁਸਾਰ ਮੂੰਗੀ ਦੀ ਖਰੀਦ ਨਹੀਂ ਕੀਤੀ ਗਈ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਅਨੇਕਾਂ ਕਿਸਾਨਾਂ ਲਈ ਬਹੁਤ ਮਾਰੂ ਸਾਬਤ ਹੋ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਤੁਰੰਤ ਦਖਲ ਮੰਗਿਆ ਤੇ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਲਈ ਵਿਆਪਕ ਪੈਕੇਜ ਦਾ ਐਲਾਨ ਕਰਨ। ਉਨ੍ਹਾਂ ਕਿਹਾ ਕਿ ਸੂਬੇ ’ਚ ਗਿਰਾਦਵਰੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਮਾਰੂ ਬੀਮਾਰੀ ਨਾਲ ਝੋਨੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਮੁਹਾਲੀ, ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਇਸ ਬੀਮਾਰੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹਨ। ਡਾ. ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਇਸ ਮਾਮਲੇ ਵਿਚ ਆਪਣੇ ਪੈਰ ਪਿੱਛੇ ਨਾ ਖਿੱਚੇ, ਜਿਵੇਂ ਕਿ ਇਸ ਨੇ ਪਹਿਲਾਂ ਕੀਤਾ ਸੀ, ਜਦਕਿ ਡੇਅਰੀ ਕਿਸਾਨਾਂ ਨੇ ਪਹਿਲਾਂ ਹੀ ਲੰਪੀ ਚਮੜੀ ਰੋਗ ਕਾਰਨ ਬਹੁਤ ਦੁਧਾਰੂ ਪਸ਼ੂ ਗੁਆਏ ਹਨ ਤੇ ਵੱਡੇ ਘਾਟੇ ਝੱਲੇ ਹਨ ਪਰ ਸਰਕਾਰ ਨੇ ਇਨ੍ਹਾਂ ਡੇਅਰੀ ਕਿਸਾਨਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਤੁਰੰਤ ਕਦਮ ਨਾ ਚੁੱਕਿਆ ਗਿਆ ਤਾਂ ਸੂਬੇ ਦੀ ਖੇਤੀ ਆਰਥਿਕਤਾ ਹੋਰ ਡੂੰਘੇ ਸੰਕਟ ’ਚ ਘਿਰ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਯੋਗੇਂਦਰ ਯਾਦਵ ਨੇ SKM ਨੂੰ ਕਿਹਾ ਅਲਵਿਦਾ, ਕਿਸਾਨ ਅੰਦੋਲਨ ’ਚ ਨਿਭਾਈ ਸੀ ਅਹਿਮ ਭੂਮਿਕਾ


author

Manoj

Content Editor

Related News