ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ''ਚ ਸ਼ਾਮਲ 2 ਆਗੂਆਂ ਨੂੰ ਅਕਾਲੀ ਦਲ ਨੇ ਪਾਰਟੀ ''ਚੋਂ ਕੱਢਿਆ

Thursday, Aug 22, 2024 - 01:40 PM (IST)

ਮਾਛੀਵਾੜਾ ਸਾਹਿਬ (ਟੱਕਰ) : ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੀ ਇਤਿਹਾਸਕ ਪ੍ਰਬੰਧਕ ਕਮੇਟੀ ’ਤੇ ਲੱਖਾਂ ਰੁਪਏ ਗਬਨ ਦੇ ਦੋਸ਼ ਲੱਗਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫ਼ੈਸਲਾ ਲੈਂਦਿਆਂ ਪ੍ਰਬੰਧਕ ਕਮੇਟੀ ’ਚ ਸ਼ਾਮਲ ਆਪਣੇ 2 ਆਗੂ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ ਅਤੇ ਸਾਬਕਾ ਕੌਂਸਲਰ ਜਗਦੀਸ਼ ਰਾਠੌਰ ਨਾਲ ਆਪਣਾ ਨਾਤਾ ਤੋੜ ਲਿਆ ਹੈ। ਅੱਜ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਝਗੜਾ ਚੱਲ ਰਿਹਾ ਹੈ ਅਤੇ ਇਸ ਦੇ ਬੈਂਕ ਖ਼ਾਤੇ 'ਚ ਕਰੋੜਾਂ ਰੁਪਏ ਪਏ ਸਨ, ਜਿਸ 'ਚ ਗਬਨ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਦਾਖ਼ਲਿਆਂ ਦੀ ਤਾਰੀਖ਼ 'ਚ ਹੋਇਆ ਵਾਧਾ

ਉਨ੍ਹਾਂ ਕਿਹਾ ਕਿ ਮਾਛੀਵਾੜਾ ਸਾਹਿਬ ਦੀ ਸੰਗਤ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਬੈਂਕ ਖ਼ਾਤੇ ਦੀਆਂ ਕੁੱਝ ਡਿਟੇਲਾਂ ਦਿੱਤੀਆਂ, ਜਿਸ 'ਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਆਪਣੇ ਖ਼ਾਤਿਆਂ 'ਚ ਲੱਖਾਂ ਰੁਪਏ ਟਰਾਂਸਫਰ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਬੈਂਕ ਖ਼ਾਤਿਆਂ ਦੀ ਡਿਟੇਲ ਦੇ ਅਧਾਰ ’ਤੇ ਕਰੀਬ 1 ਕਰੋੜ ਰੁਪਏ ਅਹੁਦੇਦਾਰਾਂ ਨੇ ਨਕਦੀ ਅਤੇ ਆਪਣੇ ਘਰੇਲੂ ਤੇ ਰਿਸ਼ਤੇਦਾਰਾਂ ਦੇ ਖ਼ਾਤਿਆਂ ਵਿਚ ਟਰਾਂਸਫਰ ਕੀਤਾ ਹੋਇਆ ਹੈ। ਪਰਮਜੀਤ ਸਿੰਘ ਢਿੱਲੋਂ ਨੇ ਬੈਂਕ ਖ਼ਾਤਿਆਂ ਦੀ ਡਿਟੇਲ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਗਬਨ ਹੋਇਆ ਹੈ ਤਾਂ ਉਨ੍ਹਾਂ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ, ਨੂੰ ਬੁਲਾ ਕੇ ਕਿਹਾ ਗਿਆ ਕਿ ਤੁਸੀਂ ਸਾਰਾ ਹਿਸਾਬ ਸੰਗਤ ਨੂੰ ਦੇਵੋ।

ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਨਾਂਹ ਪੱਖੀ ਰਵੱਈਆ ਦੇਖਦੇ ਸ਼੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਲਿਆ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ ਅਤੇ ਸਾਬਕਾ ਕੌਂਸਲਰ ਜਗਦੀਸ਼ ਸਿੰਘ ਰਾਠੌਰ ਨੂੰ ਪਾਰਟੀ ’ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸੰਗਤ ਦੇ ਲੋਕ ਹਿੱਤਾਂ ਨੂੰ ਮੱਦੇਨਜ਼ਰ ਲਿਆ ਗਿਆ ਹੈ ਅਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਹਿਤੈਸ਼ੀ ਅਤੇ ਸੰਗਤ ਦੇ ਹਰ ਫ਼ੈਸਲੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ 'ਚ ਚੜ੍ਹਾਇਆ ਗਿਆ ਪੈਸਾ ਲੋਕਾਂ ਦੀ ਸ਼ਰਧਾ ਹੈ, ਜਿਸ ਵਿਚ ਗਬਨ ਕਰਨਾ ਬਹੁਤ ਮੰਦਭਾਗਾ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਜੱਥੇਦਾਰ ਜਸਮੇਲ ਸਿੰਘ ਬੌਂਦਲੀ, ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ, ਜੱਥੇਦਾਰ ਕੁਲਦੀਪ ਸਿੰਘ ਜਾਤੀਵਾਲ, ਹਰਦੀਪ ਸਿੰਘ ਬਹਿਲੋਲਪੁਰ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ ਵੀ ਮੌਜੂਦ ਸਨ।

ਇਹ ਵੀ ਪੜ੍ਹੋ : PGI ਦੇ ਡਾਕਟਰ ਹੁਣ ਟੈਂਟ ’ਚ ਦੇਖਣਗੇ ਮਰੀਜ਼, GMCH ’ਚ ਆਨਲਾਈਨ ਰਜਿਸਟ੍ਰੇਸ਼ਨ ਬੰਦ
ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਦਲਜੀਤ ਗਿੱਲ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ’ਚੋਂ ਕੱਢੇ ਜਾਣ ਦੇ ਕੁੱਝ ਘੰਟਿਆਂ ਬਾਅਦ ਹੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ ਆਪਣੇ ਸਮਰਥਕਾਂ ਸਮੇਤ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ 'ਚ ਸ਼ਾਮਲ ਹੋ ਗਏ। ਅੱਜ ਚੰਡੀਗੜ੍ਹ ਵਿਖੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਦਲਜੀਤ ਗਿੱਲ, ਸਾਬਕਾ ਕੌਂਸਲਰ ਜਗਦੀਸ਼ ਸਿੰਘ ਰਾਠੌਰ, ਸਾਬਕਾ ਕੌਂਸਲਰ ਬੁੱਧਰਾਜ ਸਿੰਘ, ਨਿਸ਼ਾਂਤ ਕੌੜਾ ਨੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ। ਰਾਜਾ ਵੜਿੰਗ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜ਼ਿਲ੍ਹਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਐਡਵੋਕੇਟ ਕਪਿਲ ਆਨੰਦ ਵੀ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


Babita

Content Editor

Related News