ਕੇਂਦਰ ਵੱਲੋਂ ਕਿਸਾਨਾਂ ਦੀਆਂ ਮੌਤਾਂ ਦਾ ਰਿਕਾਰਡ ਨਾ ਹੋਣ ਦੇ ਦਾਅਵੇ ਬਾਰੇ ਅਕਾਲੀ ਦਲ ਨੇ ਕੀਤੀ ਇਹ ਮੰਗ

Friday, Jul 30, 2021 - 04:02 PM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ 8 ਪਾਰਟੀਆਂ ਦੀ ਅਗਵਾਈ ਕਰਦਿਆਂ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਤੋਂ ਮੰਗ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਇਹ ਦਾਅਵਾ ਕਰਨ ਕਿ ਕਿਸਾਨ ਅੰਦੋਲਨ ਵਿਚ ਕਿਸਾਨਾਂ ਦੀਆਂ ਹੋਈਆਂ ਮੌਤਾਂ ਦਾ ਕੇਂਦਰ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ, ਦੀ ਜਾਂਚ ਵਾਸਤੇ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) ਗਠਿਤ ਕੀਤੀ ਜਾਵੇ।

ਇਸ ਸਬੰਧ ਵਿਚ ਅਕਾਲੀ ਦਲ, ਬਸਪਾ, ਐਨ. ਪੀ. ਸੀ., ਸੀ. ਪੀ. ਆਈ., ਸੀ. ਪੀ. ਐਮ., ਆਰ. ਐਲ. ਪੀ., ਜੇ. ਐਂਡ ਕੇ. ਨੈਸ਼ਨਲ ਕਾਨਫਰੰਸ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖ਼ਤੀ ਮੈਮੋਰੰਡਮ ਦਿੱਤਾ। ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਨੂੰ ਰਾਸ਼ਟਰਪਤੀ ਨੂੰ ਮਿਲ ਕੇ ਉਨ੍ਹਾਂ ਦੇ ਦਖ਼ਲ ਦੀ ਮੰਗ ਕਰਨ ਅਤੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਬਾਰੇ ਸੰਸਦ ਵਿਚ ਚਰਚਾ ਕਰਵਾਉਣ ਦੀ ਹਦਾਇਤ ਕਰਨ ਦੀ ਬੇਨਤੀ ਕਰਨ ਵਾਸਤੇ  ਮਿਲਣ ਵਾਲੇ ਸੰਸਦ ਮੈਂਬਰਾਂ ਦੇ ਵਫ਼ਦ ਵਿਚ ਸ਼ਾਮਲ ਹੋਣਗੇ।

ਅੱਜ ਸਪੀਕਰ ਨੂੰ ਦਿੱਤੇ ਮੈਮੋਰੰਡਮ ਦੇ ਵੇਰਵੇ ਸਾਂਝੇ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਨੇ ਇਹ ਕਹਿ ਕੇ ਇਕ ਗੰਭੀਰ ਗਲਤੀ ਕਰ ਲਈ ਹੈ ਕਿ ਸਰਕਾਰ ਕੋਲ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਿਛਲੇ 8 ਮਹੀਨਿਆਂ ਤੋਂ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ  ਅੰਨਦਾਤਾ ਦੀ ਸ਼ਹਾਦਤ ’ਤੇ ਪੋਚਾ ਫੇਰਨ ਵਾਲੀ ਗੱਲ ਹੈ। ਸੰਸਦ ਮੈਂਬਰ ਹੈਰਾਨ ਹਨ ਕਿ ਖੇਤੀਬਾੜੀ ਮੰਤਰੀ ਨੇ ਇਹ ਦਾਅਵਾ ਉਦੋਂ ਕੀਤਾ, ਜਦੋਂ ਕਿਸਾਨ ਅੰਦੋਲਨ ਵਿਚ ਹੁਣ ਤੱਕ 537 ਕਿਸਾਨ ਸ਼ਹੀਦ ਹੋ ਗਏ ਹਨ। 
 


Babita

Content Editor

Related News