''ਪੋਲ-ਖੋਲ੍ਹ'' ਰੈਲੀਆਂ ਦੇ ਵੱਡੇ ਇਕੱਠਾਂ ਨੇ ਕਾਂਗਰਸ ''ਚ ਘਬਰਾਹਟ ਪੈਦਾ ਕੀਤੀ : ਰੱਖੜਾ

03/08/2018 9:51:24 AM

ਪਟਿਆਲਾ (ਜੋਸਨ)-ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਤੇ ਅਕਾਲੀ ਦਲ ਜ਼ਿਲਾ ਪਟਿਆਲਾ ਦੇ ਜਰਨੈਲ ਸੁਰਜੀਤ ਸਿੰਘ ਰੱਖੜਾ ਨੇ ਇੱਥੇ ਆਖਿਆ ਹੈ ਕਿ ਅਕਾਲੀ ਦਲ ਵੱਲੋਂ ਪੰਜਾਬ ਵਿਚ ਕੀਤੀਆਂ ਜਾ ਰਹੀਆਂ 'ਪੋਲ-ਖੋਲ੍ਹ' ਰੈਲੀਆਂ ਨੇ ਕਾਂਗਰਸ ਪਾਰਟੀ ਵਿਚ ਵੱਡੀ ਘਬਰਾਹਟ ਪੈਦਾ ਕਰ ਦਿੱਤੀ ਹੈ। ਇਹ ਰੈਲੀਆਂ ਕਾਂਗਰਸ ਦੇ ਝੂਠ ਦੇ ਪੁਲੰਦਿਆਂ ਨੂੰ ਜਨਤਾ ਸਾਹਮਣੇ ਲਿਆ ਕੇ ਆਪਣੇ ਮਕਸਦ ਵਿਚ ਕਾਮਯਾਬ ਹੋ ਰਹੀਆਂ ਹਨ। ਸ. ਰੱਖੜਾ ਅੱਜ ਸਮਾਣਾ ਵਿਖੇ 11 ਮਾਰਚ ਨੂੰ ਹੋ ਰਹੀ 'ਪੋਲ-ਖੋਲ੍ਹ' ਰੈਲੀ ਦੀਆਂ ਤਿਆਰੀਆਂ ਲਈ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਸਨ। ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਥੇਦਾਰ ਪਵਿੱਤਰ ਸਿੰਘ ਡਕਾਲਾ ਤੇ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ। 
ਸਾਬਕਾ ਮੰਤਰੀ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਨਾਲ ਵੀ ਕਾਂਗਰਸ ਨੇ ਧੋਖਾ ਕੀਤਾ ਹੈ, ਜਿਸ ਕਾਰਨ ਉਹ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਲੋਕ ਕਾਂਗਰਸ ਤੋਂ ਬਦਲਾ ਲੈਣ ਦੇ ਮੂਡ ਵਿਚ ਹਨ ਤੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦੇਣਗੇ। ਇਸ ਮੌਕੇ ਜਰਨੈਲ ਸਿੰਘ ਸਾਬਕਾ ਸਰਪੰਚ, ਪਵਨ ਕੁਮਾਰ, ਮਨਜੀਤ ਸਿੰਘ ਭੁੱਲਰ ਅਤੇ ਹੋਰ ਨੇਤਾ ਹਾਜ਼ਰ ਸਨ।


Related News