ਅਕਾਲੀ ਦਲ ਕਿਸੇ ਇਕ ਪਰਿਵਾਰ ਦੀ ਵਿਰਾਸਤ ਨਹੀਂ : ਜਥੇ. ਮੰਡ
Saturday, Sep 22, 2018 - 08:44 AM (IST)

ਬਰਗਾੜੀ (ਜ. ਬ.)—ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਅਨਾਜ ਮੰਡੀ ਵਿਖੇ ਚੱਲ ਰਿਹਾ ਇਨਸਾਫ ਮੋਰਚਾ ਅੱਜ 113ਵੇਂ ਦਿਨ 'ਚ ਦਾਖਲ ਹੋ ਗਿਆ। ਇਸ ਮੋਰਚੇ ਵਿਚ ਰੋਜ਼ਾਨਾ ਦੀ ਤਰ੍ਹਾਂ ਕੀਰਤਨੀ, ਰਾਗੀ, ਢਾਡੀ ਅਤੇ ਕਥਾਵਾਚਕਾਂ ਵੱਲੋਂ ਹਾਜ਼ਰ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ ਗਿਆ। ਇਸ ਸਮੇਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਅਕਾਲੀ ਦਲ ਨੂੰ ਅਕਾਲੀ ਦਲ ਕਹਿਣ ਦੀ ਬਜਾਏ ਬਾਦਲ ਦਲ ਕਿਹਾ ਜਾਵੇ, ਕਿਉਂਕਿ ਬਾਦਲ ਦਲ ਖਤਮ ਹੋ ਜਾਵੇਗਾ ਪਰ ਅਕਾਲੀ ਦਲ ਕੁਰਬਾਨੀਆਂ 'ਚੋਂ ਪੈਦਾ ਹੋਇਆ ਹੈ ਅਤੇ ਉਹ ਕਦੇ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਇਕ ਪਰਿਵਾਰ ਦੀ ਵਿਰਾਸਤ ਨਹੀਂ, ਸਗੋਂ ਇਹ ਸਾਡੀਆਂ ਦਿੱਤੀਆਂ ਸ਼ਹਾਦਤਾਂ 'ਚੋਂ ਪੈਦਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਧਰਨੇ 'ਤੇ ਬੈਠੀ ਸੰਗਤ ਨਾਲ ਗੱਲਬਾਤ ਕਰਨ ਲਈ ਸਰਕਾਰ ਨੂੰ ਆਪਣਾ ਕੋਈ ਨੁਮਾਇੰਦਾ ਭੇਜਣਾ ਚਾਹੀਦਾ ਸੀ, ਨਾ ਕਿ ਗੋਲੀਆਂ ਨਾਲ ਸਿੰਘ ਸ਼ਹੀਦ ਕਰਨੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਬਾਦਲ ਦਲ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ, ਜਿਸ ਕਾਰਨ ਉਹ ਵਿਧਾਨ ਸਭਾ 'ਚੋਂ ਭਗੌੜੇ ਹੋ ਗਏ।
ਇਸ ਸਮੇਂ ਸਟੇਜ ਦੀ ਕਾਰਵਾਈ ਭਾਈ ਰਣਜੀਤ ਸਿੰਘ ਵਾਂਦਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ ਆਦਿ ਨੇ ਨਿਭਾਈ। ਅੰਤ 'ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪਰਮਜੀਤ ਸਿੰਘ ਸਹੌਲੀ, ਭਾਈ ਜਗਜੀਤ ਸਿੰਘ ਨੂਰ, ਬਲਵਿੰਦਰ ਸਿੰਘ ਲੋਪੋ, ਭਾਈ ਉਂਕਾਰ ਸਿੰਘ ਖਾਲਸਾ, ਜਸਬੀਰ ਸਿੰਘ ਖੰਡੂਰ, ਭਾਈ ਪ੍ਰਦੀਪ ਸਿੰਘ ਚਾਂਦਪੁਰਾ, ਗੁਰਸੇਵਕ ਸਿੰਘ ਭਾਵਾ, ਚਮਕੌਰ ਸਿੰਘ ਭਾਈਰੂਪਾ, ਬਲਕਰਨ ਸਿੰਘ ਮੰਡ, ਮਨਪ੍ਰੀਤ ਸਿੰਘ ਕੌਰ ਸਿੰਘ ਵਾਲਾ, ਮਨਵੀਰ ਸਿੰਘ ਮੰਡ, ਸੁਖਬੀਰ ਸਿੰਘ ਛਾਂਜਲੀ ਅਤੇ ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਤੋਂ ਸੰਗਤ ਨੇ ਸ਼ਮੂਲੀਅਤ ਕੀਤੀ।