ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਨੇ ਮੇਅਰ ਬਿੱਟੂ ''ਤੇ ਕੀਤਾ ਜਵਾਬੀ ਹਮਲਾ
Sunday, Aug 25, 2019 - 11:26 AM (IST)
ਪਟਿਆਲਾ (ਜੋਸਨ)—ਮੁੱਖ ਮੰਤਰੀ ਦੇ ਜੱਦੀ ਸ਼ਹਿਰ 'ਚ ਆਵਾਰਾ ਪਸ਼ੂਆਂ ਕਾਰਣ ਹੋਈਆਂ ਮੌਤਾਂ ਦੀ ਸਿੱਧੇ ਤੌਰ 'ਤੇ ਜ਼ਿੰਮੇਵਾਰੀ ਲੈਣ ਦੀ ਬਜਾਏ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਵੱਲੋਂ ਕੀਤੀ ਬਿਆਨਬਾਜ਼ੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਮੇਅਰ ਬਿੱਟੂ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਦੀ ਬਜਾਏ ਧਿਆਨ ਭਟਕਾਊ ਬਿਆਨਬਾਜ਼ੀ ਕਰ ਕੇ ਆਪਣੀਆਂ ਅਤੇ ਪ੍ਰਸ਼ਾਸਨ ਦੀਆਂ ਨਾਲਾਇਕੀਆਂ ਨੂੰ ਲੁਕਾਉਣ 'ਚ ਲੱਗੇ ਹੋਏ ਹਨ, ਜਦਕਿ ਨਿਗਮ ਦੇ ਮੇਅਰ ਨੂੰ ਨੈਤਿਕਤਾ ਦੇ ਆਧਾਰ 'ਤੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਜੋਗਿੰਦਰ ਸਿੰਘ ਛਾਂਗਾ, ਹਰਦੀਪ ਸਿੰਘ ਭੰਗੂ, ਅਜੀਤ ਸਿੰਘ ਬਾਬੂ, ਅਮਰਜੀਤ ਸਿੰਘ ਦਾਰਾ, ਨਰਿੰਦਰ ਸਿੰਘ ਚੰਢੋਕ, ਨਿਰਮਲਾ ਦੇਵੀ ਅਤੇ ਸੀਮਾ ਨੇ ਮੇਅਰ 'ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਮੇਅਰ ਜੇਕਰ ਖੁਦ ਨੂੰ ਗਊ ਰੱਖਿਅਕ ਦਰਸਾਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਪੰਜ ਕਿਲੇ ਵਿਚ ਮਿਲੀ ਸਰਕਾਰੀ ਰਿਹਾਇਸ਼ 'ਤੇ ਸ਼ਹਿਰ ਦੇ ਆਵਾਰਾ ਪਸ਼ੂਆਂ ਨੂੰ ਰੱਖਣ 'ਚ ਪਹਿਲਕਦਮੀ ਕਰ ਲੈਣੀ ਚਾਹੀਦੀ ਹੈ।
ਸਾਬਕਾ ਕੌਂਸਲਰਾਂ ਨੇ ਕਿਹਾ ਕਿ ਮੇਅਰ ਬਿੱਟੂ ਬਿਆਨਬਾਜ਼ੀ ਕਰ ਰਹੇ ਹਨ ਕਿ ਨਗਰ ਨਿਗਮ ਨੇ ਗਊ ਸੈੱਸ ਦੇ ਨਾਂ 'ਤੇ ਕਰੋੜਾਂ ਰੁਪਏ ਇਕੱਤਰ ਕੀਤੇ ਹਨ ਪਰ ਮੇਅਰ ਨੂੰ ਚਾਹੀਦਾ ਹੈ ਕਿ ਕਰੋੜਾਂ ਰੁਪਏ ਦੀ ਆਮਦਨ ਕਰਨ ਵਾਲਾ ਨਗਰ ਨਿਗਮ ਆਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਦਾ ਹੱਲ ਕਰੇ। ਮੇਅਰ ਆਪਣੀ ਪਿੱਠ ਥਪਥਪਾਉਣ ਦੀ ਬਜਾਏ ਜਨਤਾ ਨੂੰ ਹਿਸਾਬ ਦੇਣ ਕਿ ਸ਼ਹਿਰ 'ਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਕੀਤੇ ਜਾਣ ਦੇ ਬਾਵਜੂਦ ਅੱਜ ਸ਼ਹਿਰ ਦੀ ਹਾਲਾਤ ਤਰਸਯੋਗ ਕਿਉਂ ਹੈ? ਸ਼ਹਿਰ 'ਚ ਆਵਾਰਾ ਪਸ਼ੂਆਂ, ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪੈ ਰਹੀ ਹੈ ਅਤੇ ਦੂਜੇ ਪਾਸੇ ਨਗਰ ਨਿਗਮ ਦੇ ਮੇਅਰ ਅਤੇ ਸਰਕਾਰ ਅਜੇ ਪੁਖਤਾ ਪ੍ਰਬੰਧ ਦੇ ਫੋਕੇ ਦਾਅਵਿਆਂ 'ਚ ਵਿਸ਼ਵਾਸ ਰੱਖਣ 'ਚ ਲੱਗੀ ਹੋਈ ਹੈ।
ਕੌਂਸਲਰਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ 'ਤੇ ਨਿਗਮ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ ਹੈ, ਜਦਕਿ ਕਾਂਗਰਸ ਦੇ ਮੇਅਰ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ 'ਚ ਆਵਾਰਾ ਪਸ਼ੂਆਂ ਕਾਰਣ ਕੀਮਤੀ ਜਾਨਾਂ ਗਵਾਉਣ ਵਾਲੇ ਪੀੜਤ ਪਰਿਵਾਰਾਂ ਨਾਲ ਦੁੱਖ 'ਚ ਸ਼ਰੀਕ ਹੋਣ ਦੀ ਬਜਾਏ ਨਗਰ ਨਿਗਮ ਦੇ ਮੇਅਰ ਅਕਾਲੀ ਦਲ 'ਤੇ ਨਿਸ਼ਾਨੇ ਲਾ ਕੇ ਸ਼ਹਿਰ ਦੇ ਲੋਕਾਂ ਦੇ ਗੰਭੀਰ ਮੁੱਦੇ ਤੋਂ ਧਿਆਨ ਭਟਕਾ ਰਹੇ ਹਨ।
ਡੀ. ਸੀ. ਦੇ ਹੁਕਮਾਂ ਦੀਆਂ ਉੱਡ ਰਹੀਆਂ ਹਨ ਧੱਜੀਆਂ
ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਆਵਾਰਾ ਪਸ਼ੂ ਹੁਣ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਏ ਜਾ ਰਹੇ ਬੂਟੇ ਵੀ ਖਾ ਰਹੇ ਹਨ । ਡਿਪਟੀ ਕਮਿਸ਼ਨਰ ਪਟਿਆਲਾ ਨੇ ਬੀਤੇ ਸਮੇਂ ਵਿਚ ਇਨ੍ਹਾਂ ਬੂਟਿਆਂ ਨੂੰ ਬਚਾਉਣ ਲਈ ਧਾਰਾ 144 ਤਹਿਤ ਪਾਬੰਦੀ ਲਾਈ ਸੀ ਕਿ ਆਵਾਰਾ ਅਤੇ ਪਾਲਤੂ ਪਸ਼ੂਆਂ ਨੂੰ ਬੂਟਿਆਂ ਦੇ ਨੇੜੇ ਨਾ ਖੜ੍ਹਨ ਦਿੱਤਾ ਜਾਵੇ ਪਰ ਇਸ ਦੇ ਬਾਵਜੂਦ ਪਟਿਆਲਾ ਜ਼ਿਲੇ ਦੇ ਪਿੰਡਾਂ ਵਿਚ ਅਜੇ ਵੀ ਆਵਾਰਾ ਅਤੇ ਪਾਲਤੂ ਪਸ਼ੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਪਿੰਡ ਵਿਚ ਲਾਏ ਜਾ ਰਹੇ ਬੂਟਿਆਂ ਨੂੰ ਖਤਮ ਕਰ ਰਹੇ ਹਨ।
ਡੀ. ਸੀ. ਨੇ ਇਹ ਵੀ ਹੁਕਮ ਕੀਤੇ ਸਨ ਕਿ ਧਾਰਾ 144 ਤਹਿਤ ਜ਼ਿਲੇ ਵਿਚ ਕਿਸੇ ਵੀ ਪਿੰਡ ਜਾਂ ਕਸਬੇ ਵਿਚ ਸੜਕਾਂ 'ਤੇ ਜਾਂ ਪਿੰਡਾਂ ਦੀਆਂ ਫਿਰਨੀਆਂ 'ਤੇ ਕੋਈ ਵੀ ਪਸ਼ੂ ਨਹੀਂ ਚਰਾਇਆ ਜਾ ਸਕਦਾ ਪਰ ਇਹ ਅਮਲ ਕਿਤੇ ਵੀ ਨਜ਼ਰ ਨਹੀਂ ਆਇਆ ਕਿਉਂਕਿ ਅਜੇ ਵੀ ਸੜਕਾਂ 'ਤੇ ਅਤੇ ਪਿੰਡਾਂ ਦੀਆਂ ਫਿਰਨੀਆਂ 'ਤੇ ਪਸ਼ੂ ਚਰਦੇ ਆਮ ਨਜ਼ਰ ਆ ਰਹੇ ਹਨ।