ਅਕਾਲੀ ਦਲ ਨਾਲ ਸਮਝੌਤੇ ਵਾਲੀਆਂ 20 ਸੀਟਾਂ ’ਤੇ ਰੀਵਿਊ ਕਰੇਗੀ ਬਸਪਾ
Monday, Jan 10, 2022 - 06:25 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿਚ ਉਤਰੀ ਬਸਪਾ ਇਸ ਵਾਰ 20 ਸੀਟਾਂ ’ਤੇ ਕਿਸਮਤ ਅਜ਼ਮਾ ਰਹੀ ਹੈ। ਚੋਣਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਬਾਜ਼ੀ ਮਾਰਦਿਆਂ ਅਕਾਲੀ ਦਲ ਹੁਣ ਤਕ 97 ’ਚੋਂ 93 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ। ਬਸਪਾ ਵੀ ਲਗਭਗ ਸਾਰੀਆਂ ਸੀਟਾਂ ’ਤੇ ਉਮਦੀਵਾਰ ਉਤਾਰ ਚੁੱਕੀ ਹੈ ਪਰ ਉਨ੍ਹਾਂ ਦਾ ਰੀਵਿਊ ਹੋਵੇਗਾ। ਸੂਤਰਾਂ ਮੁਤਾਬਕ ਬਸਪਾ ਕਈ ਸੀਟਾਂ ’ਤੇ ਫੇਰਬਦਲ ਵੀ ਕਰ ਸਕਦੀ ਹੈ। ਪਾਰਟੀ 21 ਜਨਵਰੀ ਨੂੰ ਫਿਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਇਹ ਰੀਵਿਊ ਤੈਅ ਕਰੇਗਾ ਕਿ ਕਿਹੜਾ ਉਮੀਦਵਾਰ ਪਾਰਟੀ ਨੂੰ ਜਿੱਤ ਦਵਾ ਸਕਦਾ ਹੈ। ਇਸ ਦੇ ਆਧਾਰ ’ਤੇ ਹੀ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਮੰਗ ’ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ
ਉਮੀਦਵਾਰਾਂ ਦੇ ਐਲਾਨ ’ਤੇ ਗੜ੍ਹੀ ਨੇ ਕਿਹਾ ਕਿ ਅਸੀਂ 20 ਹਲਕਿਆਂ ’ਤੇ ਇੰਚਾਰਜ ਲਗਾਏ ਸਨ। ਹੁਣ ਨਵੀਂ ਸੂਚੀ ਜਾਰੀ ਹੋਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਬਸਪਾ ਨੇ ਹੁਣ ਤਕ 20 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਜਿਥੇ ਕਈ ਜਗ੍ਹਾ ਅਕਾਲੀ ਦਲ ਦੀ ਸੀਟ ਬਸਪਾ ਲਈ ਛੱਡਣ ’ਤੇ ਵਿਵਾਦ ਵੀ ਹੋਇਆ। ਅਕਾਲੀ ਦਲ ਨੇ ਕਪੂਰਥਲਾ, ਟਾਂਡਾ, ਰਾਏਕੋਟ ਅਤੇ ਚਮਕੌਰ ਸਾਹਿਬ ਦੀ ਸੀਟ ਬਸਪਾ ਨੂੰ ਦਿੱਤੀ ਸੀ। ਜਿਸ ’ਤੇ ਪਾਰਟੀ ਵਿਚ ਕਾਫੀ ਵਿਵਾਦ ਹੋਇਆ। ਕਈ ਥਾਵਾਂ ’ਤੇ ਬਸਪਾ ਨੇ ਅਕਾਲੀ ਦਲ ਦੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟ ਦਿੱਤੀ। ਫਿਲਹਾਲ ਹੁਣ ਜਦੋਂ ਚੋਣ ਕਮਿਸ਼ਨ ਵਲੋਂ ਚੋਣਾਂ ਦੀ ਤਾਰੀਖ਼ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਅਤੇ ਚੋਣ ਜ਼ਾਬਤਾ ਵੀ ਲੱਗ ਚੁੱਕਾ ਹੈ, ਹੁਣ ਦੇਖਣਾ ਹੋਵੇਗਾ ਕਿ ਉਮੀਦਵਾਰਾਂ ਨੂੰ ਲੈ ਕੇ ਬਸਪਾ ਦਾ ਅਗਲਾ ਕਦਮ ਕੀ ਹੁੰਦਾ ਹੈ।
ਇਹ ਵੀ ਪੜ੍ਹੋ : ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸੀ ਟਿਕਟ ਲਈ ਸਿੱਧੂ ਮੂਸੇਵਾਲਾ ਦਾ ਨਾਮ ਚਰਚਾਵਾਂ ’ਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?