ਅਕਾਲੀ ਦਲ ਨੂੰ ਮਾਲਵਾ ਖਿੱਤੇ ’ਚ ਇੱਕ ਹੋਰ ਵੱਡਾ ਸਿਆਸੀ ਝਟਕਾ ਲੱਗਣ ਦੇ ਸੰਕੇਤ

06/14/2020 11:08:32 AM

ਮੋਗਾ (ਗੋਪੀ, ਰਾਊਕੇ) : ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿਆਸੀ ਤੌਰ ’ਤੇ ਵੱਡੀ ਸੰਨ ਲਾ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਸਿਆਸੀ ਝਟਕਾ ਦੇਣ ਦੇ ਪੱਕੇ ਸੰਕੇਤ ਮਿਲੇ ਹਨ। ਭਰੋਸੇਯੋਗ ਸੂਤਰਾਂ ਦੀ ਇਤਲਾਹ ਮੁਤਾਬਕ ਵਿਦਿਆਰਥੀ ਜੀਵਨ ਅਕਾਲੀ ਦਲ ਦੀ ਮਜ਼ਬੂਤੀ ਲਈ ਝੰਡਾ ਬੁਲੰਦ ਕਰਨ ਵਾਲੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਵੱਡੇ ਕੱਦ ਦੇ ਅਕਾਲੀ ਨੇਤਾ ਨਿਧੜਕ ਸਿੰਘ ਬਰਾੜ ਵੱਲੋਂ ਵੀ ਸਾਥੀਆਂ ਸਮੇਤ ਢੀਂਡਸਾ ਦਾ ਸਾਥ ਦੇਣ ਦਾ ਪੱਕਾ ਮਨ ਬਣਾ ਲਿਆ ਹੈ, ਪਤਾ ਲੱਗਾ ਹੈ ਕਿ ਬਰਾੜ ਇਸ ਸਬੰਧੀ ਜਲਦੀ ਹੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ।

ਜ਼ਿਕਰਯੋਗ ਹੈ ਕਿ ਵਿਦਿਆਰਥੀ ਜੀਵਨ ਦੌਰਾਨ 1982 ’ਚ ਅਕਾਲੀ ਦਲ ਦੀ ਮਜ਼ਬੂਤੀ ਲਈ ਜੇਲ੍ਹ ਕੱਟਣ ਵਾਲੇ ਨਿਧੜਕ ਸਿੰਘ ਬਰਾੜ ਨੇ ਆਪਣੀ ਪਿਤਾ ਵੱਲੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਚੁੱਕੇ ਕਦਮਾਂ ਨੂੰ ਹੋਰ ਮਜ਼ਬੂਤ ਕਰਦਿਆਂ ਹਰ ਔਖੇ-ਸੌਖੇ ਵੇਲੇ ਪਾਰਟੀ ਦਾ ਸਾਥ ਦਿੱਤਾ।
1984 ’ਚ ਸਿੱਖ ਸਟੂਡੈਂਟਸ ਫੈੱਡਰੇਸ਼ਨ ਤੋਂ ਸਰਗਰਮ ਰਾਜਨੀਤੀ 'ਚ ਪ੍ਰਵੇਸ਼ ਕਰਨ ਵਾਲੇ ਨਿੱਧੜਕ ਸਿੰਘ ਬਰਾੜ ਦਾ ਲੰਮਾ ਰਾਜਸੀ ਜੀਵਨ ਹੈ, ਜਿੰਨ੍ਹਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ, ਸੀਨੀਅਰ ਮੀਤ ਪ੍ਰਧਾਨ ਤੱਕ ਦੇ ਅਹੁੱਦਿਆਂ ਤੋਂ ਇਲਾਵਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ, ਬੁਲਾਰੇ ਵਜੋਂ ਵੀ ਬੇਦਾਗ ਸੇਵਾਵਾਂ ਨਿਭਾਈਆਂ ਹਨ, ਇੱਥੇ ਹੀ ਬੱਸ ਉਹ 2015 ਤੋਂ ਅਪ੍ਰੈਲ 2020 ਰਾਜ ਸੂਚਨਾ ਕਮਿਸ਼ਨਰ ਦੇ ਵੱਡੇ ਸੰਵਿਧਾਨਿਕ ਅਹੁਦੇ ’ਤੇ ਵੀ ਰਹੇ ਹਨ।

ਚੋਣ ਰਣਨੀਤੀਘਾੜੇ ਵੱਜੋਂ ਜਾਣ ਜਾਂਦੇ ਨਿਧੜਕ ਸਿੰਘ ਬਰਾੜ ਜੇਕਰ ਅਕਾਲੀ ਦਲ ਦਾ ਸਾਥ ਛੱਡਦੇ ਹਨ ਤਾਂ ਉਨ੍ਹਾਂ ਦਾ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ, ਭਾਵੇਂ ਚੋਣਾ ਵਿੱਚ ਹਾਲੇ ਡੇਢ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ ਪਰ ਉਨ੍ਹਾਂ ਦੇ ਆਉਣ ਵਾਲੇ ਦਿਨਾਂ ਕਿਸੇ ਹਲਕੇ ਤੋਂ ਚੋਣ ਸਰਗਰਮੀਆਂ ਸ਼ੁਰੂ ਕਰਨ ਦੇ ਵੀ ਸੰਕੇਤ ਹਨ। ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ ਨਿਧੜਕ ਸਿੰਘ ਬਰਾੜ ਨੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਸ ਸਬੰਧੀ ਸਥਿਤੀ ਸਪੱਸ਼ਟ ਹੋ ਜਾਵੇਗੀ।
 


Babita

Content Editor

Related News