ਅਕਾਲੀ-ਕਾਂਗਰਸੀ ਪਿਛਲੇ 50 ਸਾਲਾਂ ਤੋਂ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਨੇ :  ਭਗਵੰਤ ਮਾਨ

Monday, Feb 14, 2022 - 08:48 PM (IST)

ਬੰਗਾ\ਨਵਾਂਸ਼ਹਿਰ (ਐੱਸ. ਬੀ. ਐੱਸ. ਨਗਰ) (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਮਾਨ ਇਕ ਦਿਨ ’ਚ ਪੰਜ-ਛੇ ਹਲਕਿਆਂ ਨੂੰ ਕਵਰ ਕਰ ਰਹੇ ਹਨ ਅਤੇ ਲੋਕਾਂ ’ਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਵਧਾ ਰਹੇ ਹਨ। ਸੋਮਵਾਰ ਨੂੰ ਮਾਨ ਨੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ 'ਆਪ' ਉਮੀਦਵਾਰ ਬੱਲੂ ਪਾਠਕ ਅਤੇ ਬੰਗਾ ਤੋਂ ਕੁਲਜੀਤ ਸਰਹਲ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਅਪੀਲ ਕੀਤੀ। ਭਗਵੰਤ ਮਾਨ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ ਦਾ ਮਾਹੌਲ ਸੀ। ਮਾਨ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਸਨ ਅਤੇ ਥਾਂ-ਥਾਂ ਤੋਂ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ 20 ਫਰਵਰੀ ਨੂੰ ਤੁਹਾਡੇ, ਤੁਹਾਡੇ ਬੱਚਿਆਂ ਅਤੇ ਪੰਜਾਬ ਦੇ ਭਵਿੱਖ ਦਾ ਫੈਸਲਾ ਹੋਣਾ ਹੈ। ਸੋ ਇਸ ਵਾਰ ਬਿਨਾਂ ਕਿਸੇ ਦੇ ਭੁਲੇਖੇ ਵਿਚ ਆਏ ਪੰਜਾਬ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਵੋਟ ਪਾਉਣੀ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਮਾਨ ਨੇ ਅਕਾਲੀ-ਕਾਂਗਰਸ 'ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ-ਕਾਂਗਰਸੀ ਪਿਛਲੇ 50 ਸਾਲਾਂ ਤੋਂ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਹਨ। ਆਮ ਆਦਮੀ ਗਰੀਬ ਹੁੰਦਾ ਜਾ ਰਿਹਾ ਹੈ ਪਰ ਇਨਾਂ ਪਾਰਟੀਆਂ ਦੇ ਨੇਤਾਵਾਂ ਦਾ ਖਜ਼ਾਨਾ ਦਿਨੋ-ਦਿਨ ਭਰਦਾ ਜਾ ਰਿਹਾ ਹੈ। ਦੋਵਾਂ ਪਾਰਟੀਆਂ ਨੇ ਮਿਲ ਕੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਅਤੇ ਆਪਸੀ ਸਮਝੌਤਾ ਕਰਕੇ ਵਾਰੋ-ਵਾਰੀ ਸੱਤਾ ’ਤੇ ਕਾਬਜ਼ ਹੋਈਆਂ। ਪਿਛਲੀਆਂ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਦੋਵੇਂ ਪਾਰਟੀਆਂ ਇਕ ਹੋ ਗਈਆਂ ਸਨ। ਹੁਣ ਦੋਵੇਂ ਫਿਰ ਤੋਂ ਆਪਸ ’ਚ ਮਿਲ ਗਏ ਹਨ। ਸਾਨੂੰ ਇਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਸਮਝਣਾ ਹੋਵੇਗਾ ਅਤੇ ਸਾਵਧਾਨ ਰਹਿਣਾ ਹੋਵੇਗਾ। ਇਸ ਵਾਰ ਝਾੜੂ ਦਾ ਬਟਨ ਦਬਾ ਕੇ ਅਕਾਲੀ-ਕਾਂਗਰਸ ਦਾ ਸਫਾਇਆ ਕਰਨ ਦੇਣਾ ਹੈ ਅਤੇ ਪੰਜਾਬ ’ਚੋਂ ਗੰਦੀ ਰਾਜਨੀਤੀ ਨੂੰ ਖਤਮ ਕਰਨਾ ਹੈ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਸਾਡੇ ਉਮੀਦਵਾਰ ਵੀ ਸਾਧਾਰਨ ਪਰਿਵਾਰਾਂ ਤੋਂ ਨਿਕਲੇ ਲੋਕ ਹਨ। ਉਹ ਆਮ ਲੋਕਾਂ ਦੇ ਦੁੱਖ ਦਰਦ ਤੋਂ ਜਾਣੂ ਹਨ। ਜਿੱਤਣ ਤੋਂ ਬਾਅਦ ਵੀ ਉਹ ਤੁਹਾਡੇ ਵਿਚਕਾਰ ਹੀ ਰਹਿਣਗੇ ਅਤੇ ਤੁਹਾਡੇ ਦੁੱਖ ਸੁੱਖ ’ਚ ਸਾਥ ਦੇਣਗੇ। 'ਆਪ' ਦੀ ਸਰਕਾਰ ਵੀ ਆਮ ਲੋਕਾਂ ਦੀ ਸਰਕਾਰ ਹੋਵੇਗੀ। ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਸਮੇਤ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਸਾਡਾ ਮਕਸਦ ਪੰਜਾਬ ਦੇ ਹਰ ਆਮ ਆਦਮੀ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਹੈ।
 


Manoj

Content Editor

Related News