ਅਕਾਲੀ-ਭਾਜਪਾ ਗਠਜੋੜ ਨੂੰ ਝਟਕਾ : ਮੌਜੂਦਾ ਅਤੇ ਸਾਬਕਾ ਸਰਪੰਚ ਕਾਂਗਰਸ ''ਚ ਸ਼ਾਮਲ

03/16/2018 1:07:10 PM

ਫਗਵਾੜਾ (ਜਲੋਟਾ)—ਹਲਕਾ ਵਿਧਾਨ ਸਭਾ ਫਗਵਾੜਾ ਦੇ ਪਿੰਡ ਅਠੌਲੀ ਵਿਖੇ ਅਕਾਲੀ-ਭਾਜਪਾ ਗਠਜੋੜ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਿੰਡ ਦੇ ਮੌਜੂਦਾ ਸਰਪੰਚ ਬਲਵੰਤ ਸਿੰਘ ਅਤੇ ਸਾਬਕਾ ਸਰਪੰਚ ਤੀਰਥ ਸਿੰਘ ਨੇ ਸਾਥੀਆਂ ਸਮੇਤ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਵਿਚ ਸ਼ਾਮਲ ਹੋਏ ਉਕਤ ਸਰਪੰਚਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਸਵਾਗਤ ਵਿਚ ਰੱਖੇ ਸਮਾਗਮ 'ਚ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਸਰਪੰਚ ਬਲਵੰਤ ਸਿੰਘ ਅਤੇ ਸਾਬਕਾ ਸਰਪੰਚ ਤੀਰਥ ਸਿੰਘ ਤੋਂ ਇਲਾਵਾ ਪਰਮਜੀਤ ਸਿੰਘ ਪੰਚ, ਸੰਤੋਖ ਸਿੰਘ ਪੰਚ, ਪਿੰਕੀ ਪੰਚ ਅਤੇ ਹੋਰਨਾਂ ਦਾ ਮਾਨ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ। 
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਕ ਸਾਲ ਵਿਚ ਸੂਬੇ ਦੇ ਲੋਕਾਂ ਦਾ ਦਿਲ ਜਿਤ ਲਿਆ ਹੈ, ਜੋ ਵਾਅਦੇ ਚੋਣਾਂ ਸਮੇਂ ਕੀਤੇ ਗਏ ਸਨ ਚਾਹੇ ਉਹ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਹੋਵੇ ਜਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ। ਕੈਪਟਨ ਸਰਕਾਰ ਤਨਦੇਹੀ ਨਾਲ ਹਰ ਵਾਅਦਾ ਪੂਰਾ ਕਰਨ ਲਈ ਕੰਮ ਕਰ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣ ਲੱਗ ਪਏ ਹਨ। ਇਸ ਮੌਕੇ ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਆਦਿ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ।


Related News