ਦੂਸ਼ਣਬਾਜ਼ੀ ਦੀ ਥਾਂ ਦਿੱਲੀ ਦੇ ਲੋਕਾਂ ਦਾ ਸਾਹਮਣਾ ਕਰੇ ਆਪ : ਅਕਾਲੀ ਦਲ
Saturday, Jan 20, 2018 - 07:36 AM (IST)

ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਸ਼ਣਬਾਜ਼ੀ ਕਰਨ ਦੀ ਥਾਂ ਇਹ ਤੱਥ ਸਵੀਕਾਰ ਕਰਨ ਲਈ ਆਖਿਆ ਹੈ ਕਿ ਉਸ ਨੇ ਲਾਭ ਵਾਲੇ ਅਹੁਦਿਆਂ ਉਤੇ ਸਬੰਧਤ ਐਕਟ ਵਿਚ ਸੋਧ ਕੀਤੇ ਬਿਨਾਂ ਵਿਧਾਇਕਾਂ ਦੀ ਨਿਯੁਕਤੀ ਕਰਕੇ ਇਕ ਭਾਰੀ ਗਲਤੀ ਕੀਤੀ ਹੈ ਅਤੇ ਉਸ ਨੂੰ ਲੋਕਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਸਾਬਿਤ ਹੋ ਚੁੱਕੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ 21 ਵਿਧਾਇਕਾਂ ਦੀ ਲਾਭ ਵਾਲੇ ਅਹੁਦਿਆਂ ਉਤੇ ਨਿਯੁਕਤੀ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਸ ਕਾਰਵਾਈ ਨੂੰ ਗੈਰ-ਸੰਵਿਧਾਨਕ ਠਹਿਰਾਇਆ ਹੈ। ਇਸ ਫੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰਨ ਦੀ ਥਾਂ ਆਪ ਇਹ ਦਾਅਵਾ ਕਰ ਰਹੀ ਹੈ ਕਿ ਇਸ ਦੇ ਮੁੱਖ ਸੰਸਦੀ ਸਕੱਤਰਾਂ ਨੇ ਕੋਈ ਸਰਕਾਰੀ ਸਹੂਲਤਾਂ ਨਹੀਂ ਮਾਣੀਆਂ ਸਨ ਜਦਕਿ ਸੂਬੇ ਦੇ ਮੁੱਖ ਸਕੱਤਰ ਨੇ ਇਸ ਦੇ ਉਲਟ ਰਿਪੋਰਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਚੁਣੀ ਹੋਈ ਸਰਕਾਰ ਨੂੰ ਇਸ ਤਰ੍ਹਾਂ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਫੜੇ ਜਾਣ ਉਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਕਿਸਮ ਦਾ ਵਿਵਹਾਰ ਨਿੰਦਣਯੋਗ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਆਪ ਅਜਿਹੇ ਹੋਛੇ ਹਥਕੰਡੇ ਇਸ ਲਈ ਇਸਤੇਮਾਲ ਕਰ ਰਹੀ ਹੈ, ਕਿਉਂਕਿ ਇਹ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਆਪ ਨੇ ਕੁਝ ਵੀ ਗਲਤ ਨਹੀਂ ਕੀਤਾ, ਇਸ ਨੂੰ ਲੋਕਾਂ ਦੀ ਕਚਹਿਰੀ ਤੋਂ ਭੱਜਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਆਪ ਨੂੰ ਇਸ ਮਾਮਲੇ ਵਿਚ ਹਾਈਕੋਰਟ ਜਾਣ ਦੀ ਥਾਂ ਲੋਕਾਂ ਦੀ ਕਚਹਿਰੀ ਵਿਚ ਜਾਣਾ ਚਾਹੀਦਾ ਹੈ।