ਕਿਸਾਨ ਆਗੂ ''ਲੱਖੋਵਾਲ'' ਦੀ ਮੋਦੀ ਨੂੰ ਵੱਡੀ ਚਿਤਾਵਨੀ, ਅੰਦੋਲਨ ਬਾਰੇ ਕਹੀਆਂ ਇਹ ਗੱਲਾਂ
Thursday, Jul 01, 2021 - 04:14 PM (IST)

ਚੰਡੀਗੜ੍ਹ (ਗਰਗ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਰਾਸ਼ਟਰੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਆਪਣੇ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਤੇ ਕਾਰਕੁੰਨਾਂ ਨੂੰ ਨਕੇਲ ਪਾਉਣ ਕਿਉਂਕਿ ਉਨ੍ਹਾਂ ਦੇ ਕਿਸਾਨ ਵਿਰੋਧੀ ਬਿਆਨ ਪੰਜਾਬ ਦਾ ਮਾਹੌਲ ਖ਼ਰਾਬ ਕਰ ਸਕਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਾਜ਼ਿਸ਼ ਅਧੀਨ ਕਿਸਾਨਾਂ ਅੰਦਰ ਭੜਕਾਹਟ ਪੈਦਾ ਕਰਨ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਲੈਕ ਆਊਟ', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ 'ਬਿਜਲੀ ਕੱਟ'
ਉਨ੍ਹਾਂ ਅੱਜ ਲੁਧਿਆਣਾ ਵਿਖੇ ਜੱਥੇਬੰਦੀ ਦੀ ਪੰਜਾਬ ਪੱਧਰੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਦੇਸ਼ ਦਾ ਕਿਸਾਨ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਧਰਨਿਆਂ 'ਤੇ ਬੈਠਾ ਹੈ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਲਗਾਈਆਂ ਸਾਰੀਆਂ ਚਾਲਾਂ ਅਸਫ਼ਲ ਹੋ ਗਈਆਂ ਹਨ, ਜਿਸ ਕਾਰਨ ਭਾਜਪਾ ਸਰਕਾਰ ਬੌਖਲਾਹਟ ਵਿੱਚ ਆ ਕੇ ਆਪਣੇ ਮੁੱਖ ਮੰਤਰੀਆਂ ਤੇ ਕੇਂਦਰੀ ਮੰਤਰੀਆਂ ਤੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰ ਰੋਜ਼ ਨਵੇਂ-ਨਵੇਂ ਬਿਆਨ ਦਿਵਾ ਰਹੀ ਹੈ।
ਲੱਖੋਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਤਾਂ ਪਹਿਲਾਂ ਹੀ ਭਾਰਤ-ਪਾਕਿਸਤਾਨ ਦੀ ਵੰਡ ਮੌਕੇ ਬਹੁਤ ਉਜਾੜਾ ਹੋਇਆ ਸੀ, ਉਸ ਤੋਂ ਬਾਅਦ 1984 ਦੀ ਐਮਰਜੈਂਸੀ ਮੌਕੇ ਕਿਸਾਨਾਂ ਨੇ ਬਹੁਤ ਸੰਤਾਪ ਹੰਡਾਇਆ ਹੈ। ਹੁਣ ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ, ਇਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਕਿਸਾਨ ਖ਼ਤਮ ਹੋਣ ਕਿਨਾਰੇ ਹੈ। ਦੇਸ਼ ਦਾ ਕਿਸਾਨ ਅੱਜ ਸੜਕਾਂ 'ਤੇ ਬੈਠਾ ਹੈ ਤਾਂ ਕਿ ਇਹ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ ਪਰ ਕੇਂਦਰ ਦੀ ਸਰਕਾਰ ਆਪਣੇ ਕੁੱਝ ਮੰਤਰੀ ਤੇ ਭਾੜੇ ਦੇ ਪਿੱਠੂਆਂ ਨਾਲ ਇਸ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਰਾਸਤਾ ਅਖ਼ਤਿਆਰ ਕਰ ਰਹੀ ਹੈ, ਜਿਸ ਨਾਲ ਮਾਹੌਲ ਹੋਰ ਖ਼ਰਾਬ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਮਗਰੋਂ 'ਪਾਵਰਕਾਮ' ਦੀ ਵੱਡੀ ਅਪੀਲ, '3 ਦਿਨਾਂ ਤੱਕ ਬੰਦ ਰੱਖੋ AC'
ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਜਿਸ ਤਰ੍ਹਾਂ ਗਾਜ਼ੀਪੁਰ ਬਾਰਡਰ ’ਤੇ ਭਾਜਪਾ ਦੇ ਗੁੰਡਿਆਂ ਨੇ ਕਿਸਾਨ ਅੰਦੋਲਨਕਾਰੀਆਂ 'ਤੇ ਹਮਲਾ ਕੀਤਾ ਅਤੇ ਹੰਗਾਮਾ ਕੀਤਾ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਗੁੰਡੇ ਲਗਾਤਾਰ ਅੰਦੋਲਨ ਵਿਚ ਘੁਸਪੈਠ ਕਰਕੇ ਚੋਰੀਆਂ ਕਰ ਰਹੇ ਹਨ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਘਟੀਆ ਕੰਮ ਕਰ ਰਹੇ ਹਨ ਪਰ ਪ੍ਰਸ਼ਾਸ਼ਨ ਇਨ੍ਹਾਂ 'ਤੇ ਕਾਰਵਾਈ ਕਰਨ ਦੀ ਬਜਾਏ ਇਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ। ਲੱਖੋਵਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਮੁੱਖ ਮੰਤਰੀਆਂ, ਮੰਤਰੀਆਂ ਤੇ ਵਰਕਰ ਗੁੰਡਿਆਂ 'ਤੇ ਨਕੇਲ ਕਸਣ ਨਹੀਂ ਤਾਂ ਭਾਜਪਾ ਦੇ ਬੰਦਿਆਂ ਦਾ ਪੂਰੇ ਦੇਸ਼ 'ਚ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਜਾਵੇਗਾ ਅਤੇ ਜਿੱਥੇ ਕਿਤੇ ਵੀ ਚੋਣਾਂ ਹੋਈਆਂ, ਭਾਜਪਾ ਨੂੰ ਹਰਾਉਣ ਲਈ ਪ੍ਰਚਾਰ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ