ਕੇਂਦਰ ਦਾ ਨਵਾਂ ਖੇਤੀ ਮੰਡੀਕਰਨ ਸੋਧ ਬਿੱਲ ਪੰਜਾਬ-ਹਰਿਆਣਾ ਨੂੰ ਤਬਾਹ ਕਰਨ ਵਾਲਾ : ਲੱਖੋਵਾਲ
Thursday, Jun 04, 2020 - 02:59 PM (IST)
ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰੀ ਕੈਬਨਿਟ ਦਾ ਨਵਾਂ ਖੇਤੀ ਮੰਡੀਕਰਨ ਸੋਧ ਬਿੱਲ ਪੰਜਾਬ ਤੇ ਹਰਿਆਣਾ ਸੂਬੇ ਨੂੰ ਤਬਾਹ ਕਰਨ ਵਾਲਾ ਹੈ ਕਿਉਂਕਿ ਸਾਰੇ ਭਾਰਤ ’ਚ ਸਿਰਫ ਇਹੋ 2 ਅਜਿਹੇ ਸੂਬੇ ਹਨ, ਜਿੱਥੇ ਕਣਕ ਤੇ ਝੋਨੇ ਦੀ ਖਰੀਦ ਸਰਕਾਰ ਵੱਲੋਂ ਸਮਰਥਨ ਮੁੱਲ ’ਤੇ ਖਰੀਦੀ ਜਾਂਦੀ ਹੈ, ਜਿਸ ਤਹਿਤ ਕਿਸਾਨ ਇਨ੍ਹਾਂ ਫਸਲਾਂ ਦੀ ਬਿਜਾਈ ਕਰਦੇ ਹਨ ਪਰ ਸਰਕਾਰ ਦੇ ਇਸ ਨਵੇਂ ਫੈਸਲੇ ਕਾਰਨ ਵਪਾਰੀ ਤੇ ਕਾਰਪੋਰੇਟ ਘਰਾਣੇ ਕਿਸਾਨਾਂ ਨੂੰ ਮਰਜ਼ੀ ਦਾ ਭਾਅ ਦੇ ਕੇ ਲੁੱਟਣਗੇ, ਉੱਥੇ ਮੰਡੀਕਰਨ ਬੋਰਡ ਵੀ ਖਤਮ ਹੋ ਜਾਵੇਗਾ।
ਲੱਖੋਵਾਲ ਨੇ ਕਿਹਾ ਕਿ ਮੰਡੀਕਰਨ ਬੋਰਡ ਤੋਂ ਪੰਜਾਬ ਸਰਕਾਰ ਨੂੰ 3 ਹਜ਼ਾਰ ਕਰੋੜ ਦੀ ਆਮਦਨ ਹੈ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਨੌਕਰੀ ਮਿਲੀ ਹੈ ਅਤੇ ਜੇਕਰ ਮੰਡੀਕਰਨ ਬੋਰਡ ਖਤਮ ਹੋ ਗਿਆ, ਉਸ ਨਾਲ ਜਿੱਥੇ ਸੂਬੇ ਦਾ ਆਰਥਿਕ ਨੁਕਸਾਨ ਹੋਵੇਗਾ, ਉੱਥੇ ਕਈ ਪਰਿਵਾਰ ਬੇਰੋਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਜਿੱਥੇ 75 ਫੀਸਦੀ ਅਬਾਦੀ ਸਿੱਧੇ-ਅਸਿੱਧੇ ਢੰਗ ਨਾਲ ਖੇਤੀਬਾੜੀ ਨਾਲ ਜੁੜੀ ਹੋਈ ਹੈ ਅਤੇ ਸਰਕਾਰ ਦੇ ਇਸ ਕਿਸਾਨ ਵਿਰੋਧੀ ਫੈਸਲੇ ਕਾਰਨ ਖੇਤੀ ਧੰਦਾ ਬੰਦ ਹੋ ਜਾਵੇਗਾ।
ਲੱਖੋਵਾਲ ਨੇ ਕਿਹਾ ਕਿ ਇਹ ਬਿੱਲ ਪਾਸ ਕਰਨ ਤੋਂ ਪਹਿਲਾਂ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਅਤੇ ਸੰਸਦ ’ਚ ਲਿਆ ਕੇ ਸਾਰੇ ਨੁਮਾਇੰਦਿਆਂ ਦੇ ਵਿਚਾਰ ਲੈਣੇ ਚਾਹੀਦੇ ਸਨ, ਜਦੋਂ ਕਿ ਅਜਿਹਾ ਕਾਨੂੰਨ ਪਹਿਲਾਂ ਅਮਰੀਕਾ ਤੇ ਯੂਰਪ ਦੇਸ਼ਾਂ ’ਚ ਵੀ ਫੇਲ੍ਹ ਹੋ ਚੁੱਕਾ ਹੈ। ਲੱਖੋਵਾਲ ਨੇ ਕਿਹਾ ਕਿ ਇਸ ਕਿਸਾਨ ਵਿਰੋਧੀ ਫੈਸਲੇ ਖਿਲਾਫ ਸਾਰੀਆਂ ਸਿਆਸੀ ਪਾਰਟੀਆਂ ਕਿਸਾਨ ਯੂਨੀਅਨ ਦਾ ਸਹਿਯੋਗ ਦੇਣ ਅਤੇ ਜਲਦ ਹੀ ਉਹ ਦੇਸ਼ ਪੱਧਰੀ ਮੀਟਿੰਗ ਕਰ ਸਰਕਾਰ ਵਿਰੁੱਧ ਵੱਡਾ ਸੰਘਰਸ਼ ਕਰਨਗੇ ਤਾਂ ਜੋ ਇਹ ਬਿੱਲ ਵਾਪਸ ਕਰਵਾਇਆ ਜਾ ਸਕੇ।