ਹਵਾਈ ਜਹਾਜ਼ਾਂ ਦੇ ਮਾਡਲਾਂ ਦਾ ਸ਼ੋਅ ਤੇ ਮੋਟਰਸਾਈਕਲ ਸਵਾਰਾਂ ਦੇ ਕਰਤੱਬ ਬਣੇ ਖਿੱਚ ਦਾ ਕੇਂਦਰ
Saturday, Feb 24, 2018 - 08:16 AM (IST)

ਪਟਿਆਲਾ (ਜੋਸਨ) - ਪੰਜਾਬ ਦੇ ਸੱਭਿਆਚਾਰਕ ਤੇ ਸੈਰ-ਸਪਾਟਾ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈੱਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਛੇਵੇਂ ਪਟਿਆਲਾ ਹੈਰੀਟੇਜ ਫੈਸਟੀਵਲ-2018 ਦੌਰਾਨ ਅੱਜ ਤੀਸਰੇ ਦਿਨ ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਸੰਗਰੂਰ ਰੋਡ 'ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜ਼ਾਂ ਦੇ ਮਾਡਲਾਂ ਅਤੇ ਮੋਟਰਸਾਈਕਲ ਸਵਾਰਾਂ ਵੱਲੋਂ ਦਿਖਾਏ ਗਏ ਜਾਂਬਾਜ਼ ਕਰਤੱਬ ਖਿੱਚ ਦਾ ਕੇਂਦਰ ਬਣੇ।
ਇਸ ਸਮੇਂ ਮੁੱਖ ਮਹਿਮਾਨ ਭਾਰਤੀ ਫ਼ੌਜ ਦੀ ਪਹਿਲੀ ਆਰਮਡ ਦੇ ਕਮਾਂਡਰ ਮੇਜਰ ਜਨਰਲ ਸੰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਵਿਰਾਸਤੀ ਉਤਸਵ ਹਰ ਸਾਲ ਕਰਵਾਏ ਜਾਣੇ ਚਾਹੀਦੇ ਹਨ। ਇਸ ਨਾਲ ਜਿੱਥੇ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲਦਾ ਹੈ, ਉਥੇ ਹੀ ਇਹ ਸਾਡੀ ਅਨਮੋਲ ਵਿਰਾਸਤ ਨੂੰ ਵੀ ਦਰਸਾਉਂਦੇ ਹਨ। ਇਸ ਦੌਰਾਨ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਹਾਜ਼ਰੀਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪਟਿਆਲਾ ਦੀ ਵਿਰਾਸਤ ਸਾਡੇ ਆਪਸੀ ਭਾਈਚਾਰੇ ਤੇ ਫਿਰਕੂ ਇਕਸੁਰਤਾ ਦੀ ਇਕ ਖਾਸ ਉਦਾਹਰਣ ਹੈ।
ਇਸ ਪ੍ਰਦਰਸ਼ਨੀ ਦੌਰਾਨ ਏਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਇੰਸਟ੍ਰਕਟਰ ਕੈਪਟਨ ਮਲਕੀਅਤ ਸਿੰਘ ਵੱਲੋਂ ਸੈਨਾ ਜਹਾਜ਼ ਦੇ ਦਿਖਾਏ ਕਰਤੱਬਾਂ ਸਮੇਤ ਹਵਾਈ ਜਹਾਜ਼ਾਂ ਦੇ ਮਾਡਲਾਂ ਦੇ ਏਅਰੋ ਮਾਡਲਿੰਗ ਕਲੱਬ ਪਟਿਆਲਾ ਦੇ ਪ੍ਰਧਾਨ ਸ਼ਿਵਜੀਤ ਸਿੰਘ ਡਿੰਪੀ ਘੁੰਮਣ ਅਤੇ ਮਾਡਲ ਏਵਿਉਨਿਕਸ ਕਲੱਬ ਲੁਧਿਆਣਾ ਦੇ ਮਨਜੀਵ ਭੋਗਲ ਦੀਆਂ ਟੀਮਾਂ ਅਤੇ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਆਏ ਭਾਰਤੀ ਹਵਾਈ ਸੈਨਾ ਦੇ ਸਾਬਕਾ ਗਰੁੱਪ ਕੈਪਟਨ ਰਮੇਸ਼ ਤਹਿਲਾਨ ਨੇ ਸੁਖੋਈ 29, ਰੈੱਡ ਬੁਲ ਰੇਸ ਵਾਲੇ ਐੈੱਸ ਬੈਕ 600, ਐਜ 540, ਹੈਲੀਕਾਪਟਰ, ਬੋਇੰਗ ਆਦਿ ਦੇ ਮਾਡਲਾਂ ਦੇ ਕਰਤੱਬ ਦਿਖਾਏ। ਜਦਕਿ ਭੁਪਿੰਦਰ ਸਿੰਘ ਨੇ ਪੈਰਾ ਮੋਟਰ ਨਾਲ ਫੁੱਲਾਂ ਦੀ ਵਰਖਾ ਕੀਤੀ।